ਭਾਰਤ ਤੋਂ 'ਤੇਜਸ' ਜਹਾਜ਼ ਖਰੀਦਣ ਦੀ ਯੋਜਨਾ ਬਣਾ ਰਿਹੈ ਮਲੇਸ਼ੀਆ

03/25/2019 2:29:46 PM

ਕੁਆਲਾਲੰਪੁਰ (ਬਿਊਰੋ)— ਭਾਰਤ ਦੁਨੀਆ ਵਿਚ ਸਭ ਤੋਂ ਹਲਕੇ ਸੁਪਰਸੋਨਿਕ ਲੜਾਕੂ ਜਹਾਜ਼ ਦਾ ਦਰਜਾ ਹਾਸਲ ਕਰਨ ਵਾਲੇ ਆਪਣੇ ਇੱਥੇ ਬਣੇ 'ਤੇਜਸ' ਨੂੰ ਮਲੇਸ਼ੀਆ ਨੂੰ ਵੇਚਣਾ ਚਾਹੁੰਦਾ ਹੈ। ਇਹ ਜਹਾਜ਼ ਪਹਿਲੀ ਵਾਰ ਮਲੇਸ਼ੀਆ ਵਿਚ 26 ਮਾਰਚ ਨੂੰ ਸ਼ੁਰੂ ਹੋਣ ਜਾ ਰਹੀ 5 ਦਿਨੀਂ ਲੰਗਕਾਵੀ ਇੰਟਰਨੈਸ਼ਨਲ ਮੇਰੀਟਾਈਮ ਐਂਡ ਏਅਰੋਸਪੇਸ ਪ੍ਰਦਰਸ਼ਨੀ (LIMA) ਵਿਚ ਹਿੱਸਾ ਲਵੇਗਾ। ਅਜਿਹੀ ਜਾਣਕਾਰੀ ਹੈ ਕਿ ਮਲੇਸ਼ੀਆ ਸਰਕਾਰ ਆਪਣੀ ਹਵਾਈ ਫੌਜ ਲਈ ਭਾਰਤ ਦੇ ਇਸ ਹਲਕੇ ਜਹਾਜ਼ ਨੂੰ ਖਰੀਦਣਾ ਚਾਹੁੰਦੀ ਹੈ। 

ਲੀਮਾ ਵਿਚ ਹਿੱਸਾ ਲੈਣ ਲਈ ਦੋ ਲੜਾਕੂ ਜਹਾਜ਼ 50 ਲੋਕਾਂ ਦੀ ਟੀਮ ਨਾਲ ਮਲੇਸ਼ੀਆ ਪਹੁੰਚ ਚੁੱਕੇ ਹਨ। ਇਹ ਲਾਈਟ ਕੌਮਬੈਟ ਏਅਰਕ੍ਰਾਫਟ ਇੱਥੇ ਆਪਣੀ ਏਅਰੋਬੈਟੀਕਸ, ਫੁਰਤੀ ਅਤੇ ਹੈਂਡਲਿੰਗ ਦਾ ਵੀ ਪ੍ਰਦਰਸ਼ਨ ਕਰਨਗੇ। ਕੁਆਲਾਲੰਪੁਰ ਵਿਚ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਡਿਫੈਂਸ ਅਟੈਚ ਅਨੀਰੁਦ ਚੌਹਾਨ ਨੇ ਕਿਹਾ,''ਤੇਜਸ ਨੂੰ ਮਲੇਸ਼ੀਆ ਨੇ ਦੂਜੇ ਜਹਾਜ਼ਾਂ ਵਿਚੋਂ ਚੁਣਿਆ ਹੈ। ਉਸ ਕੋਲ ਚੀਨ ਅਤੇ ਪਾਕਿਸਤਾਨ ਵੱਲੋਂ ਬਣੇ ਜੇ.ਐੱਫ.-17 ਅਤੇ ਦੱਖਣੀ ਅਫਰੀਕਾ ਦਾ ਐੱਫ/ਏ-50 ਜਿਹਾ ਵੀ ਵਿਕਲਪ ਸੀ ਪਰ ਉਨ੍ਹਾਂ ਨੇ ਹਲਕਾ ਹੋਣ ਕਾਰਨ ਇਸ ਵੱਲ ਜ਼ਿਆਦਾ ਧਿਆਨ ਦਿੱਤਾ।'' 

ਭਾਰਤੀ ਹਵਾਈ ਫੌਜ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲੰਗਕਾਵੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਆਪਣੀ ਫਾਈਨਲ ਅਭਿਆਸ ਉਡਾਣ ਭਰਦੇ ਤੇਜਸ ਦਾ ਵੀਡੀਓ ਪੋਸਟ ਕੀਤਾ ਸੀ। ਨਾਲ ਹੀ ਲਿਖਿਆ ਸੀ ਕਿ ਭਾਰਤੀ ਹਵਾਈ ਫੌਜ ਵਿਚ ਸ਼ਾਮਲ ਕੀਤਾ ਜਾ ਚੁੱਕਾ ਸਵਦੇਸ਼ੀ ਸੁਪਰਸੋਨਿਕ ਹਲਕਾ ਲੜਾਕੂ ਜਹਾਜ਼ ਤੇਜਸ ਲੰਗਕਾਵੀ ਵਿਚ ਪਹਿਲੀ ਵਾਰ ਹਵਾਈ ਉਡਾਣ ਪੇਸ਼ ਕਰੇਗਾ।

ਮਾਹਰਾਂ ਦਾ ਮੰਨਣਾ ਹੈ ਕਿ ਗਲੋਬਲ ਪੱਧਰ 'ਤੇ ਲੀਮਾ ਦਾ ਪ੍ਰਦਰਸ਼ਨ ਵਧਿਆ ਹੈ। ਉੱਥੇ ਦੱਖਣੀ ਚੀਨ ਸਾਗਰ ਵਿਚ ਚੀਨ ਦੀ ਮੌਜੂਦਗੀ ਵਿਚ ਵਾਧਾ ਹੋਇਆ ਹੈ। ਭਾਰਤ ਨੇ ਲੀਮਾ 2019 ਵਿਚ ਹਿੱਸਾ ਲੈਣ ਲਈ ਆਪਣੇ 350 ਭਾਗੀਦਾਰਾਂ ਨੂੰ ਭੇਜਿਆ ਹੈ। ਇੱਥੇ ਦੱਸ ਦਈਏ ਕਿ ਏਅਰੋਨੌਟੀਕਲ ਡਿਵੈਲਪਮੈਂਟ ਏਜੰਸੀ (ਏ.ਡੀ.ਏ.) ਵੱਲੋਂ ਭਾਰਤੀ ਹਵਾਈ ਫੌਜ ਅਤੇ ਭਾਰਤੀ ਜਲ ਸੈਨਾ ਲਈ ਡਿਜ਼ਾਈਨ ਕੀਤੇ ਗਏ ਤੇਜਸ ਦਾ ਨਿਰਮਾਣ ਹਿੰਦੂਸਤਾਨ ਏਅਰੋਨੌਟਿਕਸ ਲਿਮੀਟਿਡ (ਐੱਚ.ਏ.ਐੱਲ.) ਨੇ ਪੂਰੀ ਤਰ੍ਹਾਂ ਭਾਰਤ ਵਿਚ ਹੀ ਕੀਤਾ ਹੈ। ਭਾਰਤੀ ਹਵਾਈ ਫੌਜ ਦੀ ਟੀਮ ਇਸ ਦੌਰਾਨ ਰੋਇਲ ਮਲੇਸ਼ੀਆਈ ਏਅਰਫੋਰਸ ਨਾਲ ਦੋ-ਪੱਖੀ ਮੁਲਾਕਾਤ ਵੀ ਕਰੇਗੀ, ਜਿਸ ਵਿਚ ਦੋਵੇਂ ਫੌਜਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।


Vandana

Content Editor

Related News