ਮਲੇਸ਼ੀਆ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਮੁਹਿਓਦੀਨ ਯਾਸੀਨ
Saturday, Feb 29, 2020 - 03:49 PM (IST)
ਕੁਆਲਾਲੰਪੁਰ- ਸਾਬਕਾ ਗ੍ਰਹਿ ਮੰਤਰੀ ਮੁਹਿਓਦੀਨ ਯਾਸੀਨ ਨੂੰ ਸ਼ੁੱਕਰਵਾਰ ਨੂੰ ਮਲੇਸ਼ੀਆ ਦਾ ਨਵਾਂ ਪ੍ਰਧਾਨ ਮੰਤਰੀ ਨਾਮਜ਼ਦ ਕੀਤਾ ਗਿਆ ਹੈ। ਸ਼ਾਹੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਰਾਜਮਹੱਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁਹਿਓਦੀਨ ਐਤਵਾਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ।
ਇਸ ਦੇ ਨਾਲ ਹੀ ਮਹਾਤਿਰ ਦੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਅਸਤੀਫਾ ਦੇਣ ਤੇ ਸੁਧਾਰਵਾਦੀ ਸਰਕਾਰ ਦੇ ਡਿਗਣ ਤੋਂ ਬਾਅਦ ਇਕ ਹਫਤੇ ਤੱਕ ਚੱਲੇ ਸਿਆਸੀ ਸੰਕਟ ਦੇ ਵੀ ਖਤਮ ਹੋਣ ਦੀ ਸੰਭਾਵਨਾ ਹੈ। ਮਲੇਸ਼ੀਆ ਦੇ ਰਾਜਾ ਨੇ ਮਹਾਤਿਰ ਮੁਹੰਮਦ ਦੀ ਸੱਤਾ ਵਿਚ ਵਾਪਸੀ ਕਰਨ ਦੀਆਂ ਕੋਸ਼ਿਸ਼ਾਂ 'ਤੇ ਪਾਣੀ ਫੇਰਦੇ ਹੋਏ ਨਵੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੁਹਿਓਦੀਨ ਯਾਸੀਨ ਨੂੰ ਨਿਯੁਕਤ ਕਰ ਦਿੱਤਾ ਹੈ।
ਮਹਾਤਿਰ ਮੁਹੰਮਦ ਨੇ ਵਾਪਸੀ ਦਾ ਕੀਤਾ ਸੀ ਦਾਅਵਾ
ਇਸ ਤੋਂ ਪਹਿਲਾਂ ਮਹਾਤਿਰ ਮੁਹੰਮਦ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਸੀ ਕਿ ਉਹ ਸਾਬਕਾ ਸੱਤਾਧਾਰੀ ਗਠਜੋੜ ਦੇ ਨਾਲ ਮਿਲਣਗੇ, ਜਿਸ ਦੀ ਅਗਵਾਈ ਉਹਨਾਂ ਦੇ ਵਿਰੋਧੀ ਅਨਵਰ ਇਬਰਾਹੀਮ ਦੇ ਨਾਲ ਕੀਤੀ ਸੀ। ਮਹਾਤਿਰ ਨੇ ਸੋਮਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਮਹਾਤਿਰ ਨੇ ਕਿਹਾ ਕਿ ਉਹਨਾਂ ਨੇ ਅਨਵਰ ਦੇ ਅਲਾਇੰਸ ਆਫ ਹੋਪ ਦੇ ਨੇਤਾਵਾਂ ਦੇ ਨਾਲ ਸ਼ਨੀਵਾਰ ਨੂੰ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਦੇ ਰੂਪ ਵਿਚ ਸੱਤਾ ਵਿਚ ਆਉਣ ਦੇ ਲਈ ਉਹਨਾਂ ਦੇ ਕੋਲ ਲੋੜੀਂਦੀ ਗਿਣਤੀ ਹੈ।