ਮਲਾਲਾ ਯੂਸਫਜ਼ਈ ਨੇ ਬ੍ਰਿਟੇਨ ਦੀ ਸਰਕਾਰ ਨੂੰ ਵਿਦੇਸ਼ੀ ਸਹਾਇਤਾ ਨਾ ਘਟਾਉਣ ਦੀ ਕੀਤੀ ਅਪੀਲ

11/25/2020 4:23:50 PM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਬ੍ਰਿਟੇਨ ਦੀ ਸਰਕਾਰ ਨੂੰ ਦੇਸ਼ ਦੇ ਬਜਟ ਵਿਚ ਵਿਦੇਸ਼ੀ ਵਿੱਤੀ ਸਹਾਇਤਾ ਵਿਚ ਕਟੌਤੀ ਨਾ ਕਰਨ ਲਈ ਕਿਹਾ ਹੈ। 

ਚਾਂਸਲਰ ਰਿਸ਼ੀ ਸੁਨਕ ਤੋਂ ਇਹ ਐਲਾਨ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਿਦੇਸ਼ੀ ਸਹਾਇਤਾ 'ਤੇ ਰਾਸ਼ਟਰੀ ਆਮਦਨੀ ਦਾ 0.7 ਫ਼ੀਸਦੀ ਖਰਚ ਕਰਨ ਦੀ ਯੂ. ਕੇ. ਦੀ ਵਚਨਬੱਧਤਾ ਨੂੰ ਮੁਅੱਤਲ ਕਰ ਰਿਹਾ ਹੈ, ਜਿਸ ਨਾਲ ਇਸ ਸਹਾਇਤਾ ਵਿਚ 0.5 ਫ਼ੀਸਦੀ ਤੱਕ ਦੀ ਕਮੀ ਹੋ ਸਕਦੀ ਹੈ। ਮਲਾਲਾ ਯੂਸਫਜ਼ਈ ਨੇ ਟਵੀਟ ਕਰਦਿਆਂ ਕਿਹਾ ਕਿ ਕੋਵਿਡ -19 ਕਰਕੇ ਲਗਭਗ 20 ਮਿਲੀਅਨ ਕੁੜੀਆਂ ਸਿੱਖਿਆ ਤੋਂ ਬਿਨਾਂ ਰਹਿ ਸਕਦੀਆਂ ਹਨ। ਇਸ ਲਈ ਉਨ੍ਹਾਂ ਨੂੰ ਸਿੱਖਿਅਤ ਰੱਖਣ ਲਈ ਸਰਕਾਰ ਨੂੰ ਸਿੱਖਿਆ ਦੇ ਖੇਤਰ ਨੂੰ ਪਹਿਲ ਦੇਣ ਦੀ ਲੋੜ ਹੈ। 

ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁੰਨ ਮਲਾਲਾ ਜਿਸ ਨੇ ਲੜਕੀਆਂ ਨੂੰ ਸਿੱਖਿਆ ਦੇ ਸਰਵ ਵਿਆਪਕ ਅਧਿਕਾਰ ਪ੍ਰਾਪਤ ਕਰਨ ਲਈ ਉਸ ਦੇ ਕੰਮ ਦੀ ਮੁਹਿੰਮ ਲਈ 2014 ਵਿਚ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ, ਨੇ ਇਸ ਸਹਾਇਤਾ ਰਾਸ਼ੀ ਦੀ ਕਟੌਤੀ ਦੇ ਵਿਰੁੱਧ ਸਰਕਾਰ ਨੂੰ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਕਈ ਹੋਰ ਸਖਸ਼ੀਅਤਾਂ ਨੇ ਵੀ ਇਸ ਕਟੌਤੀ ਦੀ ਅਲੋਚਨਾ ਕੀਤੀ ਹੈ, ਜਿਨ੍ਹਾਂ ਵਿਚ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸਤਿਆਰਥੀ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਸਰ ਜੋਹਨ ਮੇਜਰ, ਡੇਵਿਡ ਕੈਮਰਨ , ਟੋਨੀ ਬਲੇਅਰ ਅਤੇ ਸਕਾਟਲੈਂਡ ਦੇ ਸਾਬਕਾ ਕੰਜ਼ਰਵੇਟਿਵ ਨੇਤਾ ਰੂਥ ਡੇਵਿਡਸਨ ਆਦਿ ਸ਼ਾਮਿਲ ਹਨ।
 


Lalita Mam

Content Editor

Related News