ਸਕਾਟਲੈਂਡ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ
Thursday, Mar 03, 2022 - 12:44 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦਾ ਸ਼ਹਿਰ ਗਲਾਸਗੋ ਵੱਖ-ਵੱਖ ਧਰਮਾਂ ਦੇ ਲੋਕਾਂ ਨਾਲ ਗੁੰਦੇ ਹੋਏ ਗੁਲਦਸਤੇ ਵਾਂਗ ਹੈ, ਜਿਸ ਵਿਚਲੇ ਸਾਰੇ ਫੁੱਲ ਆਪੋ ਆਪਣੀ ਮਹਿਕ ਨਾਲ ਆਸੇ ਪਾਸੇ ਨੂੰ ਮਹਿਕਾ ਰਹੇ ਹੋਣ। ਅਕਸਰ ਕਿਸੇ ਨਾ ਕਿਸੇ ਧਾਰਮਿਕ ਸਥਾਨ 'ਤੇ ਕੋਈ ਨਾ ਕੋਈ ਗਤੀਵਿਧੀ ਹੁੰਦੀ ਰਹਿੰਦੀ ਹੈ, ਜਿਸ ਵਿੱਚ ਦੂਰ-ਦੁਰਾਡੇ ਤੋਂ ਲੋਕ ਸ਼ਾਮਲ ਹੋਣ ਲਈ ਪਹੁੰਚਦੇ ਹਨ।
ਸਕਾਟਲੈਂਡ ਭਰ ਵਿੱਚ ਸਭ ਤੋਂ ਵੱਡੇ ਹਿੰਦੂ ਮੰਦਰ ਗਲਾਸਗੋ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਜਿਸ ਦੌਰਾਨ ਸਕਾਟਲੈਂਡ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ 'ਚੋਂ ਭਾਰੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਦਿਆਂ ਭਜਨ, ਆਰਤੀ ਵਿੱਚ ਹਿੱਸਾ ਲਿਆ।
ਇਸ ਸਮੇਂ ਪਿਓ ਪੁੱਤਰ ਦੀ ਜੋੜੀ ਪ੍ਰਸ਼ੋਤਮ ਸਿੰਘ ਵੱਲੋਂ ਭਜਨ ਗਾਇਨ ਅਤੇ ਅੰਗਦ ਸਿੰਘ ਵੱਲੋਂ ਤਬਲਾ ਵਾਦਨ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਹਾਜ਼ਰੀਨ ਨੂੰ ਵਾਹ ਵਾਹ ਕਰਨ ਲਈ ਮਜ਼ਬੂਰ ਕਰ ਦਿੱਤਾ। ਅਚਾਰੀਆ ਮੇਧਨੀਪਤੀ ਮਿਸ਼ਰ ਜੀ ਵੱਲੋਂ ਸ਼ਿਵਰਾਤਰੀ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੂਰੋਂ ਦੂਰੋਂ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਆ।