ਟਰੰਪ ਖਿਲਾਫ ਯੂਰਪ ਨੇ ਤਿਆਰ ਕੀਤਾ ਟ੍ਰੇਡ ''Bazooka’! ਮੈਕਰੋਨ ਨੇ ਦਿੱਤੀ ਚਿਤਾਵਨੀ

Wednesday, Jan 21, 2026 - 07:12 PM (IST)

ਟਰੰਪ ਖਿਲਾਫ ਯੂਰਪ ਨੇ ਤਿਆਰ ਕੀਤਾ ਟ੍ਰੇਡ ''Bazooka’! ਮੈਕਰੋਨ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ/ਬਰੂਸਲਜ਼: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗ੍ਰੀਨਲੈਂਡ ਨੂੰ ਲੈ ਕੇ ਦਿੱਤੇ ਗਏ ਹਮਲਾਵਰ ਬਿਆਨਾਂ ਅਤੇ ਟੈਰਿਫ ਵਧਾਉਣ ਦੀਆਂ ਧਮਕੀਆਂ ਨੇ ਯੂਰਪੀਅਨ ਯੂਨੀਅਨ (EU) ਨੂੰ ਚੌਕਸ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਯੂਰਪੀਅਨ ਯੂਨੀਅਨ ਨੂੰ ਅਮਰੀਕਾ ਦੇ ਖਿਲਾਫ ਸਖ਼ਤ ਵਪਾਰਕ ਜਵਾਬੀ ਕਾਰਵਾਈ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ, ਜਿਸ ਨੂੰ ਗੈਰ-ਅਧਿਕਾਰਤ ਤੌਰ 'ਤੇ “ਟ੍ਰੇਡ ਬਾਜ਼ੂਕਾ” ਕਿਹਾ ਜਾ ਰਿਹਾ ਹੈ।

ਕੀ ਹੈ ‘ਟ੍ਰੇਡ ਬਾਜ਼ੂਕਾ’ (ACI)?
ਇਸ ਦਾ ਅਧਿਕਾਰਤ ਨਾਮ ਐਂਟੀ-ਕੋਅਰਸ਼ਨ ਇੰਸਟਰੂਮੈਂਟ (ACI) ਹੈ। ਇਹ ਇੱਕ ਅਜਿਹੀ ਵਿਵਸਥਾ ਹੈ ਜਿਸ ਦੇ ਤਹਿਤ ਯੂਰਪੀਅਨ ਯੂਨੀਅਨ ਉਨ੍ਹਾਂ ਦੇਸ਼ਾਂ ਜਾਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੀ ਹੈ ਜੋ ਯੂਰਪ 'ਤੇ ਆਰਥਿਕ ਜਾਂ ਰਾਜਨੀਤਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਅਮਰੀਕੀ ਕੰਪਨੀਆਂ ਦੇ ਯੂਰਪੀਅਨ ਬਾਜ਼ਾਰ 'ਚ ਦਾਖਲੇ 'ਤੇ ਰੋਕ ਲਗਾਈ ਜਾ ਸਕਦੀ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਟੈਂਡਰਾਂ ਤੋਂ ਬਾਹਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ, ਵਿਦੇਸ਼ੀ ਨਿਵੇਸ਼ ਅਤੇ ਆਯਾਤ-ਨਿਰਯਾਤ 'ਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ, ਜਿਸ ਨਾਲ ਅਮਰੀਕਾ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ।

ਮੈਕਰੋਨ ਦੀ ਚਿਤਾਵਨੀ
ਦਾਵੋਸ ਵਿੱਚ ਬੋਲਦਿਆਂ ਮੈਕਰੋਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਮਰੀਕਾ ਨਵੇਂ ਟੈਰਿਫ ਲਗਾਉਂਦਾ ਹੈ, ਤਾਂ EU ਨੂੰ ਪਹਿਲੀ ਵਾਰ ਇਸ ਸ਼ਕਤੀਸ਼ਾਲੀ ਹਥਿਆਰ ਦੀ ਵਰਤੋਂ ਕਰਨੀ ਪੈ ਸਕਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਸਹਿਯੋਗੀ ਵਿਰੁੱਧ ਅਜਿਹਾ ਕਦਮ ਚੁੱਕਣਾ "ਪਾਗਲਪਨ" ਹੋਵੇਗਾ ਅਤੇ ਬਿਹਤਰ ਹੁੰਦਾ ਕਿ ਸਾਰਾ ਧਿਆਨ ਯੂਕਰੇਨ ਵਿੱਚ ਸ਼ਾਂਤੀ ਸਥਾਪਿਤ ਕਰਨ 'ਤੇ ਲਗਾਇਆ ਜਾਂਦਾ, ਪਰ ਅਮਰੀਕਾ ਦੀ ਬੇਵਜ੍ਹਾ ਦੀ ਹਮਲਾਵਰਤਾ ਉਨ੍ਹਾਂ ਨੂੰ ਮਜਬੂਰ ਕਰ ਸਕਦੀ ਹੈ।

ਵਪਾਰਕ ਸਬੰਧਾਂ 'ਤੇ ਪਵੇਗਾ ਵੱਡਾ ਅਸਰ
ਸੂਤਰਾਂ ਅਨੁਸਾਰ, ਇਸ ਵੇਲੇ ਸਿਰਫ ਫਰਾਂਸ ਹੀ ਇਸ ਸਖ਼ਤ ਕਦਮ ਦੇ ਪੱਖ ਵਿੱਚ ਹੈ, ਜਦੋਂ ਕਿ ਬਾਕੀ 27 ਮੈਂਬਰ ਦੇਸ਼ਾਂ ਵਿੱਚ ਇਸ ਨੂੰ ਲੈ ਕੇ ਵੱਖ-ਵੱਖ ਰਾਇ ਹੈ। EU ਦੇ ਨੇਤਾ ਇਸ ਤਣਾਅ 'ਤੇ ਚਰਚਾ ਕਰਨ ਲਈ ਬਰੂਸਲਜ਼ ਵਿੱਚ ਇੱਕ ਐਮਰਜੈਂਸੀ ਸਿਖਰ ਸੰਮੇਲਨ ਕਰਨ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਅਮਰੀਕਾ ਅਤੇ ਯੂਰਪ ਵਿਚਕਾਰ ਵਪਾਰ 1.7 ਟ੍ਰਿਲੀਅਨ ਯੂਰੋ (ਲਗਭਗ 2 ਟ੍ਰਿਲੀਅਨ ਡਾਲਰ) ਰਿਹਾ ਹੈ। ਯੂਰਪ ਵੱਲੋਂ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ, ਕਾਰਾਂ, ਜਹਾਜ਼, ਰਸਾਇਣ, ਮੈਡੀਕਲ ਉਪਕਰਣ ਅਤੇ ਸ਼ਰਾਬ ਨਿਰਯਾਤ ਕੀਤੀ ਜਾਂਦੀ ਹੈ। ACI ਨੂੰ ਲਾਗੂ ਕਰਨ ਦੀ ਪ੍ਰਕਿਰਿਆ ਵਿੱਚ ਘੱਟੋ-ਘੱਟ ਛੇ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਇਹ ਹਥਿਆਰ ਅਸਲ ਵਿੱਚ 2021 ਵਿੱਚ ਚੀਨ ਦੇ ਆਰਥਿਕ ਦਬਾਅ ਨੂੰ ਰੋਕਣ ਲਈ ਤਿਆਰ ਕੀਤਾ ਗਿਆ ਸੀ, ਪਰ ਹੁਣ ਅਮਰੀਕਾ ਨਾਲ ਵਧਦੇ ਟਕਰਾਅ ਕਾਰਨ ਇਸ ਦੀ ਵਰਤੋਂ ਦੀ ਚਰਚਾ ਛਿੜ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News