ਲੂਈਸਿਆਨਾ ਦੇ ਚੁਣੇ ਗਏ ਕਾਂਗਰਸ ਪ੍ਰਤੀਨਿਧ ਲਿਊਕ ਲੈਟਲੋ ਦੀ ਕੋਰੋਨਾ ਕਾਰਨ ਮੌਤ

Thursday, Dec 31, 2020 - 09:43 PM (IST)

ਲੂਈਸਿਆਨਾ ਦੇ ਚੁਣੇ ਗਏ ਕਾਂਗਰਸ ਪ੍ਰਤੀਨਿਧ ਲਿਊਕ ਲੈਟਲੋ ਦੀ ਕੋਰੋਨਾ ਕਾਰਨ ਮੌਤ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਲੂਈਸਿਆਨਾ ਦੇ ਕਾਂਗਰਸ ਮੈਨ ਚੁਣੇ ਗਏ ਲਿਊਕ ਲੈਟਲੋ ਦੀ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਬਾਅਦ ਮੰਗਲਵਾਰ ਨੂੰ ਸ਼੍ਰੇਵਪੋਰਟ ਦੇ ਓਚਸਨਰ ਐੱਲ. ਐੱਸ. ਯੂ. ਹਸਪਤਾਲ ਵਿਚ ਮੌਤ ਹੋ ਗਈ ਹੈ। 

41 ਸਾਲਾ ਲੈਟਲੋ ਨੂੰ 23 ਦਸੰਬਰ ਨੂੰ ਸੇਂਟ ਫ੍ਰਾਂਸਿਸ ਮੈਡੀਕਲ ਸੈਂਟਰ ਤੋਂ ਓਚਸਨਰ ਆਈ. ਸੀ. ਯੂ. ਵਿਚ ਤਬਦੀਲ ਕਰ ਦਿੱਤਾ ਗਿਆ ਸੀ। ਲੈਟਲੋ ਆਪਣੇ ਪਿੱਛੇ ਪਤਨੀ ਜੂਲੀਆ ਬਾਰਨਹਿਲ ਲੈਟਲੋ ਅਤੇ ਦੋ ਛੋਟੇ ਬੱਚੇ ਛੱਡ ਗਏ ਹਨ। ਲੈਟਲੋ ਨੇ 18 ਦਸੰਬਰ ਨੂੰ ਕੋਰੋਨਾ ਪੀੜਤ ਹੋਣ ਦੀ ਘੋਸ਼ਣਾ ਕੀਤੀ ਸੀ ਅਤੇ ਉਹ ਪਹਿਲਾਂ ਆਪਣੇ ਰਿਚਲੈਂਡ ਪੈਰਿਸ਼ ਦੇ ਘਰ ਵਿਚ ਇਕਾਂਤਵਾਸ ਸਨ ਪਰ 19 ਦਸੰਬਰ ਨੂੰ ਲੈਟਲੋ ਨੂੰ ਸੇਂਟ ਫ੍ਰਾਂਸਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿਚ ਸਿਹਤ ਵਿਗੜਨ ਤੇ ਸ਼੍ਰੇਵਪੋਰਟ ਦੇ ਹਸਪਤਾਲ ਭੇਜ ਦਿੱਤਾ ਗਿਆ ਸੀ।

ਸੂਬਾ ਗਵਰਨਰ ਜੌਨ ਬੇਲ ਐਡਵਰਡਜ਼ ਨੇ ਵੀ ਲੈਟਲੋ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਲੈਟਲੋ ਨੇ 5 ਦਸੰਬਰ ਨੂੰ 5 ਵੀਂ ਕਾਂਗਰਸ ਦੀ ਜ਼ਿਲ੍ਹਾ ਸੀਟ 'ਤੇ ਲਾਂਸ ਹੈਰਿਸ ਦੇ ਖਿਲਾਫ ਚੋਣ ਵਿੱਚ 62 ਫ਼ੀਸਦੀ ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਸੀ। ਜੌਹਨ ਹਾਪਕਿਨਜ਼ ਯੂਨੀਵਰਸਿਟੀ ਦੇ ਅਨੁਸਾਰ, ਲੂਈਸਿਆਨਾ ਵਿਚ 3,04,000 ਤੋਂ ਵੱਧ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੈ।


author

Sanjeev

Content Editor

Related News