ਲਾਸ ਏਂਜਲਸ ਦੀ ਅੱਗ ਨੇ ਬ੍ਰਿਟਨੀ ਸਪੀਅਰਸ ਨੂੰ ਕੀਤਾ ਬੇਘਰ, ਛੱਡਣਾ ਪਿਆ ਕਰੋੜਾਂ ਦਾ ਘਰ
Sunday, Jan 12, 2025 - 04:49 AM (IST)
ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਲਾਸ ਏਂਜਲਸ 'ਚ ਜੰਗਲ ਦੀ ਅੱਗ ਨੇ ਉੱਥੋਂ ਦੇ ਫਿਲਮੀ ਸਿਤਾਰਿਆਂ ਨੂੰ ਵੀ ਮੁਸੀਬਤ 'ਚ ਪਾ ਦਿੱਤਾ ਹੈ, ਕਿਉਂਕਿ ਅੱਗ ਨੇ ਪੂਰੇ ਹਾਲੀਵੁੱਡ ਦੀਆਂ ਪਹਾੜੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰ ਅਤੇ ਮਕਾਨ ਛੱਡਣ ਲਈ ਕਿਹਾ ਗਿਆ ਹੈ। ਇਸ 'ਚ ਕਈ ਸਿਤਾਰੇ ਵੀ ਸ਼ਾਮਲ ਹੋਏ।
ਗਾਇਕਾ ਬ੍ਰਿਟਨੀ ਸਪੀਅਰਸ ਵੀ ਉਨ੍ਹਾਂ ਕਈ ਮਸ਼ਹੂਰ ਹਸਤੀਆਂ ਵਿਚ ਸ਼ਾਮਲ ਹੈ ਜਿਨ੍ਹਾਂ ਨੂੰ ਆਪਣਾ ਘਰ ਛੱਡਣਾ ਪਿਆ ਸੀ। ਲਾਸ ਏਂਜਲਸ ਵਿਚ ਜੰਗਲ ਦੀ ਅੱਗ ਕਾਰਨ ਉਸ ਨੂੰ ਆਪਣੀ ਆਲੀਸ਼ਾਨ ਹਵੇਲੀ ਛੱਡ ਕੇ ਸੁਰੱਖਿਅਤ ਥਾਂ 'ਤੇ ਜਾਣਾ ਪਿਆ।
ਸੋਸ਼ਲ ਮੀਡੀਆ 'ਤੇ ਗਾਇਕਾ ਨੇ ਬਿਆਨ ਕੀਤਾ ਆਪਣਾ ਦਰਦ
ਸ਼ੁੱਕਰਵਾਰ ਰਾਤ ਨੂੰ ਗਾਇਕਾ ਨੇ ਖੁਲਾਸਾ ਕੀਤਾ ਕਿ ਉਸਨੇ ਥਾਊਜ਼ੈਂਡ ਓਕਸ, ਕੈਲੀਫੋਰਨੀਆ ਵਿਚ ਆਪਣਾ $7.4 ਮਿਲੀਅਨ ਦਾ ਆਲੀਸ਼ਾਨ ਘਰ ਛੱਡ ਦਿੱਤਾ ਹੈ ਅਤੇ ਅੱਗ ਤੋਂ ਦੂਰ ਇਕ ਹੋਟਲ ਵਿਚ ਪਨਾਹ ਲਈ ਹੈ। ਸਪੀਅਰਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ। ਮੈਨੂੰ ਆਪਣਾ ਘਰ ਖਾਲੀ ਕਰਨਾ ਪਿਆ ਅਤੇ ਮੈਂ 4 ਘੰਟੇ ਦੀ ਡਰਾਇਵ ਕਰਕੇ ਇਕ ਹੋਟਲ ਜਾ ਰਹੀ ਹਾਂ।
ਦੋ ਦਿਨਾਂ ਤੱਕ ਬਿਨਾਂ ਬਿਜਲੀ ਤੋਂ ਰਹੀ
43 ਸਾਲਾ ਸਪੀਅਰਸ ਨੇ ਇਹ ਵੀ ਦੱਸਿਆ ਕਿ ਉਸ ਕੋਲ ਪਿਛਲੇ ਦੋ ਦਿਨਾਂ ਤੋਂ ਬਿਜਲੀ ਨਹੀਂ ਸੀ, ਜਿਸ ਕਾਰਨ ਉਹ ਆਪਣਾ ਫੋਨ ਚਾਰਜ ਨਹੀਂ ਕਰ ਸਕੀ। ਉਸ ਨੇ ਕਿਹਾ ਕਿ ਮੈਨੂੰ ਹੁਣੇ ਹੀ ਮੇਰਾ ਫੋਨ ਵਾਪਸ ਮਿਲਿਆ ਹੈ। ਮੈਂ ਤੁਹਾਡੇ ਸਾਰਿਆਂ ਲਈ ਪ੍ਰਾਰਥਨਾ ਕਰਦੀ ਹਾਂ ਅਤੇ ਆਪਣਾ ਪਿਆਰ ਭੇਜਦੀ ਹਾਂ।
2015 'ਚ ਖ਼ਰੀਦੀ ਸੀ ਹਵੇਲੀ
ਪੇਜ ਸਿਕਸ ਦੀ ਇਕ ਰਿਪੋਰਟ ਅਨੁਸਾਰ, 2015 ਵਿਚ ਖਰੀਦਿਆ ਗਿਆ ਉਸਦਾ 13,000 ਵਰਗ ਫੁੱਟ ਦਾ ਇਤਾਲਵੀ ਸਟਾਈਲ ਵਿਲਾ, ਫਿਲਹਾਲ ਸੁਰੱਖਿਅਤ ਹੈ। ਵੈਸੇ ਲਾਸ ਏਂਜਲਸ ਖੇਤਰ ਦੇ ਪੈਲੀਸਾਡੇਸ ਖੇਤਰ ਵਿਚ ਜੰਗਲਾਂ ਵਿਚ ਅੱਗ ਲੱਗਣ ਤੋਂ ਬਾਅਦ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਹੁਣ ਤੱਕ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਅੱਗ ਦੀ ਜ਼ੱਦ 'ਚ ਕਈ ਸਿਤਾਰਿਆਂ ਦਾ ਆਸ਼ਿਆਨਾ
ਇਸ ਅੱਗ ਅਤੇ ਇਸ ਤੋਂ ਬਾਅਦ ਦੀਆਂ ਘਟਨਾਵਾਂ ਨੇ ਕਈ ਮਸ਼ਹੂਰ ਹਸਤੀਆਂ ਨੂੰ ਵੀ ਘਰੋਂ ਬੇਘਰ ਕਰ ਦਿੱਤਾ ਹੈ। "ਦਿਸ ਇਜ਼ ਅਸ" ਸਿਟਾਰ ਮਿਲੋ ਵੈਂਟਿਮਗਿਲੀਆ, ਸਪੈਂਸਰ ਪ੍ਰੈਟ ਅਤੇ ਹੀਡੀ ਮੋਂਟਾਗ ਵਰਗੇ ਸਿਤਾਰਿਆਂ ਨੇ ਸਭ ਕੁਝ ਗੁਆ ਦਿੱਤਾ ਹੈ।
ਪੈਰਿਸ ਹਿਲਟਨ ਦਾ ਘਰ ਵੀ ਹੋਇਆ ਤਬਾਹ
ਬ੍ਰਿਟਨੀ ਸਪੀਅਰਸ ਦੀ ਲੰਬੇ ਸਮੇਂ ਦੀ ਦੋਸਤ ਅਤੇ "ਦਿ ਸਿੰਪਲ ਲਾਈਫ" ਸਟਾਰ ਪੈਰਿਸ ਹਿਲਟਨ ਨੇ ਵੀ ਆਪਣੇ ਮਾਲੀਬੂ ਛੁੱਟੀਆਂ ਵਾਲੇ ਘਰ ਨੂੰ ਅੱਗ ਵਿਚ ਗੁਆ ਦਿੱਤਾ ਹੈ। ਪੈਰਿਸ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਸ਼ਬਦਾਂ ਤੋਂ ਪਰੇ ਦਿਲ ਟੁੱਟ ਚੁੱਕਾ ਹੈ। ਆਪਣੇ ਪਰਿਵਾਰ ਨਾਲ ਬੈਠ ਕੇ ਟੀਵੀ 'ਤੇ ਲਾਈਵ ਆਪਣਾ ਘਰ ਸੜਦੇ ਹੋਏ ਦੇਖਣਾ ਅਜਿਹੀ ਚੀਜ਼ ਹੈ ਜਿਸ ਨੂੰ ਕੋਈ ਵੀ ਅਨੁਭਵ ਨਹੀਂ ਕਰਨਾ ਚਾਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8