ਦਿੱਲੀ ਦੇ ਈ-ਰਿਕਸ਼ਾ ਦਾ ਚਾਲਕ ਦਾ ਬੇਟਾ ਲੰਡਨ ਦੇ ਮਸ਼ਹੂਰ ਸਕੂਲ ''ਚ ਲੈ ਰਿਹਾ ਟਰੇਨਿੰਗ
Sunday, Oct 25, 2020 - 06:27 PM (IST)
ਲੰਡਨ (ਭਾਸ਼ਾ): ਦਿੱਲੀ ਦੇ ਈ-ਰਿਕਸ਼ਾ ਚਾਲਕ ਦਾ ਬੇਟਾ ਆਨਲਾਈਨ ਫੰਡ ਇਕੱਠਾ ਕਰ ਕੇ ਲੰਡਨ ਸਥਿਤ ਵਿਸ਼ਵ ਪ੍ਰਸਿੱਧ 'ਇੰਗਲਿਸ਼ ਨੈਸ਼ਨਲ ਬੇਲੇ ਸਕੂਲ' (ਈ.ਐੱਨ.ਬੀ.ਐੱਸ.) ਵਿਚ ਦਾਖਲਾ ਲੈ ਕੇ ਆਪਣਾ ਸੁਪਨਾ ਪੂਰਾ ਕਰਨ ਵਿਚ ਸਫਲ ਰਿਹਾ। ਕਮਲ ਸਿੰਘ ਦੀ ਇਹ ਕਹਾਣੀ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਡਾਂਸਰ ਟ੍ਰੇਨੀ ਨੇ ਐਤਵਾਰ ਨੂੰ ਸਕੂਲ ਵਿਚ ਸਿਖਲਾਈ ਦੇ ਪਹਿਲੇ ਦੋ ਹਫਤੇ ਪੂਰੇ ਕਰ ਲਏ ਹਨ। ਕੋਵਿਡ-19 ਦੀਆਂ ਸਖਤ ਪਾਬੰਦੀਆਂ ਵਿਚ ਸੰਸਥਾ ਵਿਚ ਮਾਸਕ ਲਗਾ ਕੇ ਸਿਖਲਾਈ ਦਿੱਤੀ ਜਾ ਰਹੀ ਹੈ।
20 ਸਾਲਾ ਸਿੰਘ ਨੇ ਸਕੂਲ ਤੋਂ ਡਾਂਸ ਦੇ ਕੋਰਸ ਦੀ ਫੀਸ ਭਰਨ ਅਤੇ ਬ੍ਰਿਟੇਨ ਦੀ ਰਾਜਧਾਨੀ ਵਿਚ ਰਹਿਣ ਦੇ ਖਰਚ ਨੂੰ ਪੂਰਾ ਕਰਨ ਲਈ ਫੰਡ ਦੇ ਰੂਪ ਵਿਚ 20764 ਪੌਂਡ ਜੁਟਾਏ। ਉਸ ਦੀ ਮਦਦ ਕਰਨ ਵਾਲੇ ਸੈਂਕੜੇ ਲੋਕਾਂ ਵਿਚ ਰਿਤਿਕ ਰੋਸ਼ਨ ਜਿਹੇ ਬਾਲੀਵੁੱਡ ਅਦਾਕਾਰ ਵੀ ਸ਼ਾਮਲ ਸਨ। ਸਿੰਘ ਨੇ ਕਿਹਾ,''ਮੈਨੂੰ ਹਾਲੇ ਵੀ ਬਹੁਤ ਅਜੀਬ ਲੱਗ ਰਿਹਾ ਹੈ ਜਿਵੇਂ ਕਿ ਕੋਈ ਚਮਤਕਾਰ ਹੈ ਕਿ ਮੈਂ ਈ.ਐੱਨ.ਬੀ.ਐੱਸ. ਵਿਚ ਡਾਂਸ ਕੋਰਸ ਕਰ ਰਿਹਾ ਹਾਂ।'' ਨਵੀਂ ਦਿੱਲੀ ਵਿਚ ਇਕ ਡਾਂਸ ਸਕੂਲ ਦੇ ਨਿਦੇਸ਼ਕ ਫਰਨਾਡੋ ਏਗੁਇਲੇਰਾ ਨਾਲ ਕੁਝ ਸਾਲ ਪਹਿਲਾਂ ਅਚਾਨਕ ਉਸ ਦੀ ਮੁਲਾਕਾਤ ਹੋ ਗਈ ਸੀ, ਜਿਸ ਨੇ ਸਿੰਘ ਦੀ ਜ਼ਿੰਦਗੀ ਬਦਲ ਦਿੱਤੀ। ਇਸ ਦੇ ਬਾਅਦ ਉਹਨਾਂ ਨੂੰ ਡਾਂਸ ਪਸੰਦ ਆਉਣ ਲੱਗਾ ਅਤੇ ਉਹ ਮੁਸ਼ਕਲ ਟਰੇਨਿੰਗ ਵਿਚੋਂ ਲੰਘਿਆ।
ਸਿੰਘ ਨੇ ਡਾਂਸ ਕਰਨਾ 17 ਸਾਲ ਦੀ ਉਮਰ ਵਿਚ ਸ਼ੁਰੂ ਕੀਤਾ ਤਾਂ ਇਹ ਉਸ ਦੇ ਲਈ ਚੁਣੌਤੀਪੂਰਨ ਰਿਹਾ। ਏਗੁਇਲੇਰਾ ਨੂੰ ਸਿੰਘ ਦੀ ਪ੍ਰਤਿਭਾ 'ਤੇ ਵਿਸ਼ਵਾਸ ਸੀ ਅਤੇ ਉਹਨਾਂ ਨੇ ਸਿੰਘ ਨੂੰ ਇਕ ਦਿਨ ਵਿਚ 8-9 ਘੰਟੇ ਸਿਖਲਾਈ ਦਿੱਤੀ। ਕੁਝ ਸਾਲਾਂ ਦੀ ਸਖਤ ਟਰੇਨਿੰਗ ਤੋਂ ਬਾਅਦ ਮਸ਼ਹੂਰ ਡਾਂਸ ਸਕੂਲ ਵਿਚ ਦਾਖਲੇ ਦੇ ਨਾਲ ਉਸ ਦਾ ਸੁਪਨਾ ਸੱਚ ਹੋ ਗਿਆ। ਇਸ ਦੇ ਬਾਅਦ ਸਿੰਘ ਨੇ ਆਰਥਿਕ ਪਰੇਸ਼ਾਨੀਆਂ ਨੂੰ ਹਰਾਉਣਾ ਸੀ। ਸਿੰਘ ਨੇ ਦੱਸਿਆ,''ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦੀ ਹਾਂ ਜਿਹਨਾਂ ਨੇ ਮੈਨੂੰ ਫੰਡ ਦਿੱਤਾ। ਤੁਹਾਡੀ ਦਰਿਆਦਿਲੀ ਦੇ ਕਾਰਨ ਮੈਂ ਆਪਣਾ ਉਦੇਸ਼ ਅਤੇ ਸੁਪਨਾ ਪੂਰਾ ਕਰ ਪਾ ਰਿਹਾ ਹਾਂ।''