ਲੰਡਨ: 13 ਸਾਲਾ ਮੁੰਡੇ ਦੀ ਥੇਮਜ਼ ਨਦੀ 'ਚ ਛਾਲ ਮਾਰਨ ਤੋਂ ਬਾਅਦ ਹੋਈ ਮੌਤ
Wednesday, Nov 24, 2021 - 03:01 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਵਿੱਚ ਇੱਕ ਸਕੂਲੀ ਬੱਚੇ ਦੀ ਸਕੂਲ ਜਾਣ ਵੇਲੇ ਬੱਸ ਤੋਂ ਉਤਰਨ ਉਪਰੰਤ ਇੱਕ ਪੁਲ ਉੱਪਰੋਂ ਥੇਮਜ਼ ਵਿੱਚ ਛਾਲ ਮਾਰਨ ਤੋਂ ਬਾਅਦ ਮੌਤ ਹੋ ਗਈ ਹੈ। ਇਸ ਮਾਮਲੇ ਸਬੰਧੀ ਅਦਾਲਤ ਅਨੁਸਾਰ 13 ਸਾਲ ਦਾ ਇਹ ਬੱਚਾ ਜ਼ਾਹਿਦ ਅਲੀ ਸਾਊਥ ਲੰਡਨ ਵਿੱਚ ਆਪਣੇ ਇੱਕ ਦੋਸਤ ਨਾਲ ਸਕੂਲ ਜਾ ਰਿਹਾ ਸੀ ਜਦੋਂ ਉਹ ਆਮ ਨਾਲੋਂ ਇੱਕ ਸਟਾਪ ਤੋਂ ਪਹਿਲਾਂ ਬੱਸ ਤੋਂ ਉਤਰਿਆ ਅਤੇ ਪੁਲ ਤੋਂ ਛਾਲ ਮਾਰ ਦਿੱਤੀ।
ਇਨਰ ਲੰਡਨ ਕੋਰੋਨਰ ਕੋਰਟ 'ਚ ਮੰਗਲਵਾਰ ਨੂੰ ਹੋਈ ਸੁਣਵਾਈ ਅਨੁਸਾਰ ਜ਼ਾਹਿਦ ਅਲੀ ਨੇ 20 ਅਪ੍ਰੈਲ ਨੂੰ ਪੁਲ ਤੋਂ ਛਾਲ ਮਾਰੀ ਸੀ ਅਤੇ ਉਸ ਦੀ ਲਾਸ਼ ਨੂੰ ਅੱਠ ਦਿਨਾਂ ਬਾਅਦ ਬਰਾਮਦ ਕੀਤਾ ਗਿਆ ਸੀ। ਐਲੀਫੈਂਟ ਐਂਡ ਕੈਸਲ, ਸਾਊਥ ਲੰਡਨ ਵਿੱਚ ਆਰਕ ਗਲੋਬ ਅਕੈਡਮੀ ਦੇ 8ਵੀਂ ਦੇ ਇਸ ਵਿਦਿਆਰਥੀ ਨੂੰ ਲੋਕਾਂ ਦੁਆਰਾ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਕੋਰੋਨਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਜ਼ਾਹਿਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ, ਉਹ ਉਸ ਸਮੇਂ ਸਿਰਫ ਉਸਦਾ ਕੋਟ ਅਤੇ ਉਸਦੀ ਰੱਕਸੈਕ ਹੀ ਬਰਾਮਦ ਕਰ ਸਕੇ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਲਈ ਲਾਜ਼ਮੀ ਹੋਵੇਗਾ 'ਟੀਕਾਕਰਨ'
ਜ਼ਾਹਿਦ ਦੀ ਲਾਸ਼ ਬਰਾਮਦ ਹੋਣ ਵੇਲੇ ਉਸ ਨੇ ਸਕੂਲ ਦੀ ਵਰਦੀ ਪਾਈ ਹੋਈ ਸੀ ਅਤੇ ਉਸ ਦੇ ਕੱਪੜਿਆਂ 'ਤੇ ਲੱਗੇ ਨਾਮ ਦੇ ਟੈਗ ਤੋਂ ਉਸ ਦੀ ਪਛਾਣ ਕੀਤੀ ਜਾ ਸਕੀ ਸੀ। ਉਸ ਦੇ ਪੋਸਟਮਾਰਟਮ ਵਿੱਚ ਪਾਇਆ ਗਿਆ ਸੀ ਕਿ ਉਸਦੀ ਮੌਤ "ਡੁੱਬਣ" ਨਾਲ ਹੋਈ ਸੀ। ਇਸ ਮਾਮਲੇ ਦੀ ਪੁੱਛਗਿੱਛ ਫਿਲਹਾਲ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਬਾਅਦ ਦੀ ਤਾਰੀਖ਼ 'ਤੇ ਮੁੜ ਸ਼ੁਰੂ ਹੋਵੇਗੀ ਜਿਸ ਦਾ ਫ਼ੈਸਲਾ ਹੋਣਾ ਬਾਕੀ ਹੈ।