ਖਾਲਸਾ ਪੰਥ ਦੇ ਸਾਜਨਾ ਦਿਵਸ ਸਬੰਧੀ ਸਲੋਹ ਵਿਖੇ ਵਿਸ਼ਾਲ ਨਗਰ ਕੀਰਤਨ
Wednesday, May 01, 2019 - 12:15 PM (IST)

ਲੰਡਨ (ਰਾਜਵੀਰ ਸਮਰਾ)— ਬਰਤਾਨੀਆ ਵਿਚ ਸਿੱਖਾਂ ਦੀ ਸਭ ਤੋਂ ਵੱਧ ਵਸੋਂ ਹੋਣ ਦਾ ਮਾਣ ਰੱਖਣ ਵਾਲੇ ਸ਼ਹਿਰ ਸਲੋਹ 'ਚ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਨਗਰ ਕੀਰਤਨ 'ਚ ਵੱਡੀ ਗਿਣਤੀ ਵਿਚ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਤੋਂ ਸ਼ੁਰੂ ਹੋਏ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਰਾਮਗੜ੍ਹੀਆ ਸਭਾ ਸਲੋਹ ਵਿਖੇ ਹੋਈ।
ਇਸ ਮੌਕੇ ਗੁਰਬਾਣੀ ਕੀਰਤਨ ਦਾ ਅਨੰਦ ਮਾਣਦੀ ਸਿੱਖ ਸੰਗਤ ਨੇ ਗੱਤਕੇ ਦੇ ਜੌਹਰ ਵੇਖੇ ਤੇ ਖਾਲਸਾ ਪੰਥ ਦੀ ਸਾਜਨਾ ਸਬੰਧੀ ਵਿਚਾਰਾਂ ਸਰਵਣ ਕੀਤੀਆਂ। ਥਾਂ-ਥਾਂ 'ਤੇ ਸਿੱਖਾਂ ਵਲੋਂ ਸੰਗਤ ਦੀ ਚਾਹ, ਪਾਣੀ, ਪਕੌੜੇ, ਜਲੇਬੀਆਂ ਤੇ ਹੋਰ ਵੱਖ-ਵੱਖ ਪਕਵਾਨਾਂ ਨਾਲ ਸੇਵਾ ਕੀਤੀ। ਇਸ ਮੌਕੇ ਖਾਲਸਾ ਏਡ, ਸਵਾਤ ਸਮੇਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਆਪੋ-ਆਪਣੇ ਸਟਾਲ ਲਗਾਏ ਗਏ।
ਸ੍ਰੀ ਗੁਰੂ ਸਿੰਘ ਸਭਾ ਸਲੋਹ ਦੇ ਪ੍ਰਧਾਨ ਜੋਗਿੰਦਰ ਸਿੰਘ ਬੱਲ, ਹਰਜਿੰਦਰ ਸਿੰਘ ਢੱਡਵਾੜ, ਗੁਰਦੁਆਰਾ ਰਾਮਗੜ੍ਹੀਆ ਸਭਾ ਸਲੋਹ ਵਲੋਂ ਹਰਜਿੰਦਰ ਸਿੰਘ ਗਹੀਰ, ਅਮਰਜੀਤ ਸਿੰਘ ਭੱਚੂ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਸੰਗਤ ਨੂੰ ਵਧਾਈ ਦਿੱਤੀ।