ਲੰਡਨ:  ਪੁਲਸ ਨੇ ਮਨੀ ਲਾਂਡਰਿੰਗ ਮਾਮਲੇ ''ਚ ਜ਼ਬਤ ਕੀਤੀ 180 ਮਿਲੀਅਨ ਪੌਂਡ ਦੀ ਕ੍ਰਿਪਟੋ ਕਰੰਸੀ

Wednesday, Jul 14, 2021 - 02:50 PM (IST)

ਲੰਡਨ:  ਪੁਲਸ ਨੇ ਮਨੀ ਲਾਂਡਰਿੰਗ ਮਾਮਲੇ ''ਚ ਜ਼ਬਤ ਕੀਤੀ 180 ਮਿਲੀਅਨ ਪੌਂਡ ਦੀ ਕ੍ਰਿਪਟੋ ਕਰੰਸੀ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਰਾਜਧਾਨੀ ਲੰਡਨ ਦੀ ਮੈਟਰੋਪੋਲੀਟਨ ਪੁਲਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਹੋਣ ਵਾਲੇ ਹਵਾਲਾ ਰਾਸ਼ੀ ਦੇ ਮਾਮਲੇ ਵਿੱਚ ਵੱਡੀ ਮਾਤਰਾ ਵਿੱਚ ਡਿਜੀਟਲ ਰਾਸ਼ੀ ਨੂੰ ਜ਼ਬਤ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੰਡਨ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਇੱਕ ਜਾਂਚ ਦੇ ਹਿੱਸੇ ਵਜੋਂ 180 ਮਿਲੀਅਨ ਪੌਂਡ ਦੀ ਕ੍ਰਿਪਟੋ ਕਰੰਸੀ ਜ਼ਬਤ ਕੀਤੀ ਹੈ, ਜਿਸ ਦਾ ਸਬੰਧ ਅੰਤਰਰਾਸ਼ਟਰੀ ਮਨੀ ਲਾਂਡਰਿੰਗ ਨਾਲ ਮੰਨਿਆ ਜਾਂਦਾ ਹੈ। 

ਯੂਕੇ ਵਿੱਚ ਰਿਕਾਰਡ ਪੱਧਰ 'ਤੇ ਜ਼ਬਤ ਕੀਤੀ ਡਿਜੀਟਲ ਰਾਸ਼ੀ ਦਾ ਇਹ ਵੱਡਾ ਅਪ੍ਰੇਸ਼ਨ ਹੈ। ਇਸ ਤੋਂ ਪਹਿਲਾਂ ਵੀ 24 ਜੂਨ ਨੂੰ ਮੀਟ ਪੁਲਸ ਨੇ 114 ਮਿਲੀਅਨ ਪੌਂਡ ਦੀ ਕ੍ਰਿਪਟੋ ਕਰੰਸੀ ਜ਼ਬਤ ਕੀਤੀ ਸੀ। 24 ਜੂਨ ਨੂੰ ਮਨੀ ਲਾਂਡਰਿੰਗ ਦੇ ਸ਼ੱਕ ਦੇ ਤਹਿਤ ਗ੍ਰਿਫ਼ਤਾਰ ਕੀਤੀ ਗਈ ਇੱਕ ਔਰਤ ਕੋਲੋਂ ਪੁਲਸ ਵੱਲੋਂ ਇਸ ਮਾਮਲੇ ਵਿੱਚ ਵੀ ਪੁੱਛਗਿੱਛ ਕੀਤੀ ਗਈ ਹੈ ਹਾਲਾਂਕਿ ਉਸ ਨੂੰ ਜ਼ਮਾਨਤ ਦਿੱਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ -  ਯੂਕੇ: ਫੁੱਟਬਾਲ ਖਿਡਾਰੀ ਮਾਰਕਸ ਰਸ਼ਫੋਰਡ ਦੇ ਸਨਮਾਨ ਅਤੇ ਨਸਲਵਾਦ ਦੇ ਵਿਰੋਧ 'ਚ ਕੀਤਾ ਪ੍ਰਦਰਸ਼ਨ

ਜ਼ਿਕਰਯੋਗ ਹੈ ਕਿ ਕ੍ਰਿਪਟੋ ਕਰੰਸੀ ਇੱਕ ਤਰ੍ਹਾਂ ਦੇ ਡਿਜੀਟਲ ਪੈਸੇ ਹਨ ਜੋ ਬੈਂਕ ਦੁਆਰਾ ਜਾਰੀ ਨਹੀਂ ਕੀਤੇ ਜਾਂਦੇ। ਇਹਨਾਂ ਦਾ ਵਪਾਰ ਅਤੇ ਕਿਸੇ ਹੋਰ ਕਿਸਮ ਦੇ ਕੰਮਾਂ ਵਿੱਚ ਧਨ ਵਜੋਂ ਨਿਵੇਸ਼ ਕੀਤਾ ਜਾ ਸਕਦਾ ਹੈ ਪਰ ਇਸ ਕਰੰਸੀ ਵਿੱਚ ਨਿਯਮਾਂ ਦੀ ਅਣਹੋਂਦ ਕਾਰਨ ਇਹ ਬਹੁਤ ਤੇਜ਼ੀ ਨਾਲ ਵਧ ਸਕਦੇ ਹਨ ਅਤੇ ਮੁੱਲ ਵਿੱਚ ਕਮੀ ਵੀ ਕਰ ਸਕਦੇ ਹਨ। ਕ੍ਰਿਪਟੋ ਕਰੰਸੀ ਦੇ ਮੁੱਲ ਵਿੱਚ ਉਤਰਾਅ ਚੜ੍ਹਾਅ ਹੁੰਦਾ ਰਹਿੰਦਾ ਹੈ। ਮਈ ਦੀ ਸ਼ੁਰੂਆਤ ਵਿੱਚ ਇਹ ਕਰੰਸੀ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ ਪਰ ਕੁਝ ਹਫ਼ਤਿਆਂ ਬਾਅਦ ਇਸਦੇ ਮੁੱਲ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਕ੍ਰਿਪਟੋ ਕਰੰਸੀ ਦੀਆਂ ਕਿਸਮਾਂ ਵਿੱਚ ਬਿਟਕੋਇਨ, ਡੋਗੇਕੋਇਨ ਅਤੇ ਈਥਰਿਅਮ ਆਦਿ ਸ਼ਾਮਲ ਹਨ ਪਰ ਮੀਟ ਪੁਲਸ ਦੁਆਰਾ ਜ਼ਬਤ ਡਿਜੀਟਲ ਰਾਸ਼ੀ ਦੀ ਕਿਸਮ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਕਾਰਵਾਈ ਮੀਟ ਪੁਲਸ ਦੀ ਆਰਥਿਕ ਅਪਰਾਧ ਕਮਾਂਡ ਦੁਆਰਾ ਇੱਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕੀਤੀ ਗਈ ਹੈ।


author

Vandana

Content Editor

Related News