ਲੰਡਨ: ਨਹਿਰ ''ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਪੁਲਸ ਵੱਲੋਂ ਜਾਂਚ ਸ਼ੁਰੂ
Monday, May 10, 2021 - 12:26 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਕਿਸੇ ਜਾਨਵਰ ਦਾ ਬੱਚਾ ਵੀ ਮਰ ਜਾਵੇ ਤਾਂ ਉਹ ਵੀ ਖੂਨ ਦੇ ਅੱਥਰੂ ਰੋਂਦਾ ਹੈ। ਕੁੱਤੀ ਆਪਣੇ ਕਤੂਰੇ ਦੇ ਮਰਨ 'ਤੇ ਖੁਦ ਟੋਆ ਪੁੱਟ ਕੇ ਦਫਨਾਉਣ ਤੱਕ ਦਾ ਕਾਰਜ ਕਰਦੀ ਹੈ। ਜਾਨਵਰਾਂ ਦੇ ਮੁਕਾਬਲੇ ਸਰਵੋਤਮ ਬੁੱਧੀ ਦਾ ਮਾਲਕ ਮੰਨਿਆ ਜਾਂਦਾ ਮਨੁੱਖ ਅਜੇ ਵੀ ਬੌਣਾ ਜਾਪਦਾ ਹੈ। ਮਨੁੱਖ ਦੇ ਬੌਣੇਪਣ ਦੀ ਗਵਾਹੀ ਭਰਦੀ ਘਟਨਾ ਬਰਤਾਨੀਆ ਦੀ ਰਾਜਧਾਨੀ ਲੰਡਨ 'ਚ ਵਾਪਰੀ ਹੈ। ਲੰਡਨ ਦੇ ਉੱਤਰ-ਪੱਛਮ ਵਿੱਚ ਗ੍ਰੈਂਡ ਯੂਨੀਅਨ ਨਹਿਰ ਵਿੱਚ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਬਾਰੇ ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਅਤੇ ਪੈਰਾ ਮੈਡੀਕਲ ਡਾਕਟਰਾਂ ਨੂੰ ਐਤਵਾਰ ਦੁਪਹਿਰ ਤਕਰੀਬਨ 1.20 ਵਜੇ ਪੁਰਾਣੀ ਓਕ ਲੇਨ ਨੇੜੇ ਪਾਣੀ ਵਿੱਚੋਂ ਮਿਲੀ ਇੱਕ ਬੱਚੇ ਦੀ ਲਾਸ਼ ਲਈ ਬੁਲਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ : ਸ਼ਖਸ ਨੇ ਲੋਕਾਂ 'ਤੇ ਚਾਕੂ ਨਾਲ ਕੀਤਾ ਹਮਲਾ, ਪੀ.ਐਮ. ਜੈਸਿੰਡਾ ਨੇ ਜਤਾਈ ਚਿੰਤਾ
ਜਿਸ ਉਪਰੰਤ ਸਿਹਤ ਮਾਹਿਰਾਂ ਵੱਲੋਂ ਬੱਚੇ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਦੇ ਸੰਬੰਧ ਵਿੱਚ ਰਾਇਲ ਪਾਰਕ ਦੀ ਇੱਕ ਉਦਯੋਗਿਕ ਜਾਇਦਾਦ ਦੇ ਨੇੜਲੇ ਇਲਾਕੇ ਵਿੱਚ ਦਰਜਨਾਂ ਪੁਲਸ, ਐਂਬੂਲੈਂਸ ਅਤੇ ਅੱਗ ਬੁਝਾਊ ਵਾਹਨਾਂ ਨੇ ਕਾਰਵਾਈ ਕੀਤੀ। ਇਸ ਦੇ ਇਲਾਵਾ ਖੇਤਰ ਦੀਆਂ ਕਈ ਸੜਕਾਂ ਅਤੇ ਮਾਰਗਾਂ ਦੀ ਪੁਲਸ ਦੁਆਰਾ ਘੇਰਾਬੰਦੀ ਵੀ ਕੀਤੀ ਗਈ। ਲੰਡਨ ਐਂਬੂਲੈਂਸ ਸਰਵਿਸ ਦੇ ਬੁਲਾਰੇ ਨੇ ਬੱਚੇ ਦੀ ਲਾਸ਼ ਮਿਲਣ ਦੀ ਘਟਨਾ ਨੂੰ ਦੁਖਦਾਈ ਦੱਸਦਿਆਂ ਅਫਸੋਸ ਪ੍ਰਗਟ ਕੀਤਾ ਹੈ। ਪੁਲਸ ਦੁਆਰਾ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।