ਇੰਗਲੈਂਡ ''ਚ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਅਫਸਰ ਨੂੰ ਰਿਸ਼ਵਤ ਦੇ ਦੋਸ਼ ''ਚ ਜੇਲ

Friday, Apr 12, 2019 - 05:54 PM (IST)

ਇੰਗਲੈਂਡ ''ਚ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਅਫਸਰ ਨੂੰ ਰਿਸ਼ਵਤ ਦੇ ਦੋਸ਼ ''ਚ ਜੇਲ

ਲੰਡਨ (ਮਨਦੀਪ ਖੁਰਮੀ)— ਪੂਰਬੀ ਲੰਡਨ ਦੇ ਕਸਬੇ ਰੌਮਫੋਰਡ ਦੀ 41 ਸਾਲਾ ਪੰਜਾਬੀ ਮੂਲ ਦੀ ਇਮੀਗ੍ਰੇਸ਼ਨ ਅਫਸਰ ਜਸਪ੍ਰੀਤ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ 3 ਸਾਲ 9 ਮਹੀਨੇ ਜੇਲ ਦੀ ਹਵਾ ਖਾਣੀ ਪਵੇਗੀ। ਜਸਪ੍ਰੀਤ ਕੌਰ ਅਹਿਮ ਜ਼ਿੰਮੇਵਾਰੀ ਵਾਲੇ ਇਮੀਗ੍ਰੇਸ਼ਨ ਅਫਸਰ ਦੇ ਅਹੁਦੇ 'ਤੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਨੌਕਰੀ ਕਰਦੀ ਸੀ ਪਰ ਉਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਦੇਸ਼ ਨਿਕਾਲੇ ਦੇ ਹੁਕਮਾਂ ਦਾ ਸਾਹਮਣਾ ਕਰਦੇ ਕਿਸੇ ਭਾਰਤੀ ਮੂਲ ਦੇ ਵਿਅਕਤੀ ਕੋਲੋਂ 2500 ਪੋਂਡ ਦੀ ਮੰਗ ਕੀਤੀ ਸੀ। 

ਉਸ ਨੇ ਇੰਗਲੈਂਡ ਵਿਚ ਜਾਅਲੀ ਢੰਗ ਨਾਲ ਰਹਿੰਦੇ ਉਸ ਵਿਅਕਤੀ ਨੂੰ ਮਾਰਚ 2017 ਵਿਚ ਇਹ ਝਾਂਸਾ ਦਿੱਤਾ ਸੀ ਕਿ ਉਸਨੂੰ ਕੌਲਨਬਰੁੱਕ ਇਮੀਗ੍ਰੇਸ਼ਨ ਨਿਕਾਲਾ ਕੇਂਦਰ ਵਿਚੋਂ ਬਾਹਰ ਕਢਵਾਉਣ ਲਈ ਆਪਣੀ ਗੰਢ-ਤੁੱਪ ਕਰ ਲਈ ਹੈ। ਜਸਪ੍ਰੀਤ ਕੌਰ ਨੇ ਉਸ ਵਿਅਕਤੀ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ 2500 ਪੌਂਡ ਇਕੱਠੇ ਕਰਨ ਲਈ ਕਿਹਾ ਸੀ ਤਾਂ ਕਿ ਉਸ ਦੇ ਦੇਸ਼ ਨਿਕਾਲੇ ਦੇ ਹੁਕਮ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਅੰਤ ਜੁਲਾਈ 2017 ਵਿਚ ਜਸਪ੍ਰੀਤ ਕੌਰ ਨੂੰ ਰਿਕਾਰਡ ਕੀਤੀ ਆਵਾਜ਼ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਸੀ। 

ਬੇਸ਼ੱਕ ਉਸਨੇ ਸਬੂਤਾਂ ਵਿਚ ਆਪਣੀ ਆਵਾਜ਼ ਦਾ ਹੀ ਹੋਣਾ ਮੰਨ ਲਿਆ ਸੀ ਪਰ ਉਲਟਾ ਪੀੜਤ ਵਿਅਕਤੀ ਉੱਪਰ ਧਮਕਾਉਣ ਦੇ ਦੋਸ਼ ਵੀ ਲਗਾਏ ਸਨ। ਇਸ ਸੰਬੰਧੀ ਬੋਲਦਿਆਂ ਕਰਾਊਨ ਇਸਤਗਾਸਾ ਸੇਵਾਵਾਂ ਐਂਟਨ ਅਲੈਰਾ ਦਾ ਕਹਿਣਾ ਸੀ ਕਿ ਜਸਪ੍ਰੀਤ ਕੌਰ ਨੇ ਆਪਣੇ ਅਹੁਦੇ ਦੇ ਮਾਣ ਸਨਮਾਨ ਨੂੰ ਮਿੱਟੀ ਵਿਚ ਰੋਲਿਆ ਹੈ। ਇੰਗਲੈਂਡ ਵਿਚ ਰਿਸ਼ਵਤ ਨੂੰ ਇਕ ਸਮਾਜਿਕ ਕੋਹੜ ਵਜੋਂ ਮੰਨਿਆ ਜਾਂਦਾ ਹੈ ਤੇ ਇਸ ਕੋਹੜ ਨੂੰ ਫੈਲਾਉਣ ਵਿਚ ਹਰ ਭਾਗੀਦਾਰ ਨੂੰ ਬਣਦੀ ਸਜ਼ਾ ਜ਼ਰੂਰ ਮਿਲੇਗੀ।


author

Vandana

Content Editor

Related News