ਚੀਨ ਦੀ ਕਾਰਵਾਈ ਦੇ ਡਰੇ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਪਹੁੰਚੇ ਲੰਡਨ

Sunday, Jan 31, 2021 - 06:06 PM (IST)

ਚੀਨ ਦੀ ਕਾਰਵਾਈ ਦੇ ਡਰੇ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਪਹੁੰਚੇ ਲੰਡਨ

ਲੰਡਨ (ਭਾਸ਼ਾ): ਚੀਨ ਵੱਲੋਂ ਪਿਛਲੇ ਸਾਲ ਗਰਮੀਆਂ ਵਿਚ ਸਖ਼ਤ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਮਗਰੋਂ ਹਾਂਗਕਾਂਗ ਤੋਂ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਬ੍ਰਿਟੇਨ ਪਹੁੰਚੇ ਹਨ। ਇਹਨਾਂ ਵਿਚੋਂ ਕੁਝ ਲੋਕਾਂ ਨੂੰ ਇਸ ਗਲ ਦਾ ਡਰ ਹੈ ਕਿ ਲੋਕਤੰਤਰ ਦੀ ਮੰਗ ਵਾਲੇ ਪ੍ਰਦਰਸ਼ਨਾਂ ਦਾ ਸਮਰਥਨ ਕਰਨ ਕਾਰਨ ਉਹਨਾਂ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਜ਼ਿੰਦਗੀ ਜਿਉਣ ਦੇ ਢੰਗ  ਅਤੇ ਨਾਗਰਿਕਾਂ ਦੀ ਆਜ਼ਾਦੀ 'ਤੇ ਚੀਨ ਦਾ ਕਬਜ਼ਾ ਨਾਸਹਿਣਯੋਗ ਹੋ ਗਿਆ ਹੈ ਇਸ ਲਈ ਉਹ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਦੀ ਖਾਤਰ ਵਿਦੇਸ਼ ਜਾ ਕੇ ਵਸਣ ਲਈ ਮਜਬੂਰ ਹਨ।

ਇਹਨਾਂ ਵਿਚੋਂ ਕਈ ਲੋਕ ਕਦੇ ਵਾਪਸ ਨਾ ਪਰਤਣ ਦਾ ਮਨ ਬਣਾ ਚੁੱਕੇ ਹਨ। ਹਾਂਗਕਾਂਗ ਵਿਚ ਕਾਰੋਬਾਰੀ ਅਤੇ ਦੋ ਬੱਚਿਆਂ ਦੀ ਮਾਂ ਸਿੰਡੀ ਨੇ ਕਿਹਾ ਕਿ ਉਹ ਹਾਂਗਕਾਂਗ ਵਿਚ ਆਰਾਮ ਨਾਲ ਰਹਿ ਰਹੀ ਸੀ ਅਤੇ ਉੱਥੇ ਉਸ ਦੀਆਂ ਅਤੇ ਉਸ ਦੇ ਪਰਿਵਾਰ ਦੀਆਂ ਕਈ ਜਾਇਦਾਦਾਂ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਕਾਰੋਬਾਰ ਚੰਗਾ ਚੱਲ ਰਿਹਾ ਸੀ ਪਰ ਉਹਨਾਂ ਨੇ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਦੇ ਬਾਵਜੂਦ ਸਭ ਕੁਝ ਛੱਡ ਕੇ ਆਪਣੇ ਪਰਿਵਾਰ ਦੇ ਨਾਲ ਬ੍ਰਿਟੇਨ ਆਉਣ ਦਾ ਫ਼ੈਸਲਾ ਕੀਤਾ। ਲੰਡਨ ਵਿਚ ਪਿਛਲੇ ਹਫਤੇ ਪਹੁੰਚੀ ਸਿੰਡੀ ਨੇ ਕਿਹਾ,''ਜਿਹੜੀਆਂ ਚੀਜ਼ਾਂ ਸਾਡੇ ਲਈ ਮਹੱਤਵ ਰੱਖਦੀਆਂ ਹਨ ਮਤਲਬ ਪ੍ਰਗਟਾਵੇ ਦੀ ਆਜ਼ਾਦੀ, ਨਿਰਪੱਖ ਚੋਣਾਂ, ਆਜ਼ਾਦੀ ਸਭ ਕੁਝ ਖੋਹ ਲਿਆ ਗਿਆ ਹੈ। ਇਹ ਹੁਣ ਉਹ ਹਾਂਗਕਾਂਗ ਨਹੀਂ ਹੈ ਜਿਸ ਨੂੰ ਅਸੀਂ ਜਾਣਦੇ ਸੀ।'' ਬ੍ਰਿਟੇਨ ਪਹੁੰਚੀ ਵਾਂਗ ਨੇ ਆਪਣਾ ਪੂਰਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ ਕਿ ਉਹ ਹਾਂਗਕਾਂਗ ਤੋਂ ਬਾਹਰ ਜਲਦ ਤੋਂ ਜਲਦ ਨਿਕਲਣਾ ਚਾਹੁੰਦੀ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਬੀਜਿੰਗ ਉਹਨਾਂ ਨੂੰ ਬਾਹਰ ਜਾਣ ਤੋਂ ਰੋਕ ਦੇਵੇਗਾ। 

ਵਾਂਗ ਦੀ ਤਰ੍ਹਾਂ ਹੀ ਲੰਡਨ ਪਹੁੰਚੇ 39 ਸਾਲਾ ਫੈਨ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਜੇਕਰ ਤੁਹਾਨੂੰ ਪਤਾ ਹੈ ਕਿ ਕਦੋਂ ਮੂੰਹ ਬੰਦ ਕਰਨਾ ਹੈ ਤਾਂ ਤੁਹਾਨੂੰ ਹਾਂਗਕਾਂਗ ਵਿਚ ਮੁਸ਼ਕਲ ਨਹੀਂ ਹੋਵੇਗੀ ਪਰ ਮੈਂ ਇਹ ਨਹੀਂ ਕਰਨਾ ਚਾਹੁੰਦਾ। ਮੈਂ ਇੱਥੇ ਕੁਝ ਵੀ ਕਹਿ ਸਕਦਾ ਹਾਂ।'' ਬ੍ਰਿਟੇਨ ਨੇ ਜੁਲਾਈ ਵਿਚ ਘੋਸ਼ਣਾ ਕੀਤੀ ਸੀ ਕਿ ਉਹ ਹਾਂਗਕਾਂਗ ਦੇ 50 ਲੱਖ ਲੋਕਾਂ ਲਈ ਵਿਸ਼ੇਸ਼ ਇਮੀਗ੍ਰੇਸ਼ਨ ਮਾਰਗ ਖੋਲ੍ਹੇਗਾ ਤਾਂ ਜੋ ਉਹ ਬ੍ਰਿਟੇਨ ਵਿਚ ਰਹਿ ਸਕਣ ਕੰਮ ਕਰ ਸਕਣ ਅਤੇ ਅਖੀਰ ਇੱਥੇ ਵਸ ਸਕਣ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਇਹ ਪ੍ਰਸਤਾਵ ਦਰਸਾਉਂਦਾ ਹੈ ਕਿ ਬ੍ਰਿਟੇਨ ਹਾਂਗਕਾਂਗ ਦੇ ਨਾਲ ਆਪਣੇ 'ਮਜ਼ਬੂਤ ਸੰਬੰਧਾਂ ਦੇ ਇਤਿਹਾਸ' ਦਾ ਸਨਮਾਨ ਕਰਦਾ ਹੈ। ਹਾਂਗਕਾਂਗ ਪਹਿਲੇ ਬ੍ਰਿਟੇਨ ਦੀ ਬਸਤੀ ਸੀ ਪਰ ਬਾਅਦ ਵਿਚ ਇਸ ਸਮਝੌਤੇ ਦੇ ਨਾਲ ਉਹ 1997 ਵਿਚ ਚੀਨ ਦੇ ਅਧੀਨ ਆਇਆ ਕਿ ਉਸ ਦੀ ਪੱਛਮੀ ਸ਼ੈਲੀ, ਆਜ਼ਾਦੀ ਅਤੇ ਰਾਜਨੀਤਕ ਖੁਦਮੁਖਤਿਆਰੀ ਬਰਕਰਾਰ ਰਹੇਗੀ। 

ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਹੋ ਸਕਦੈ 'ਮੌਸਮ ਖਰਾਬ', ਮੌਸਮ ਵਿਭਾਗ ਵਲੋਂ ਯੈਲੋ ਅਲਰਟ ਜਾਰੀ

'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' ਵੀਜ਼ਾ ਲਈ ਐਤਵਾਰ ਤੋਂ ਐਪਲੀਕੇਸ਼ਨ ਅਧਿਕਾਰਤ ਤੌਰ 'ਤੇ ਲਈਆਂ ਜਾਣਗੀਆਂ ਪਰ ਕਈ ਲੋਕ ਪਹਿਲਾਂ ਹੀ ਬ੍ਰਿਟੇਨ ਪਹੁੰਚ ਚੁੱਕੇ ਹਨ। ਯੋਗ ਹਾਂਗਕਾਂਗ ਵਸਨੀਕ ਹਾਲੇ 6 ਮਹੀਨੇ ਲਈ ਬ੍ਰਿਟੇਨ ਆ ਸਕਦੇ ਹਨ ਪਰ ਐਤਵਾਰ ਤੋਂ ਉਹ 5 ਸਾਲ ਤੱਕ ਇੱਥੇ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਸ ਮਗਰੋਂ ਉਹ ਇੱਥੇ ਵਸਣ ਅਤੇ ਅਖੀਰ ਬ੍ਰਿਤਾਨਵੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦੇ ਸਕਦੇ ਹਨ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਜੁਲਾਈ ਤੋਂ 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' (ਬੀ.ਐੱਨ.ਓ.) ਦਰਜੇ ਵਾਲੇ ਕਰੀਬ 7,000 ਲੋਕ ਬ੍ਰਿਟੇਨ ਪਹੁੰਚੇ ਹਨ। 

ਪੜ੍ਹੋ ਇਹ ਅਹਿਮ ਖਬਰ- ਸਥਾਨਕ ਫਾਰਮੇਸੀਆਂ ਤੋਂ ਵੀ ਪ੍ਰਾਪਤ ਕੀਤੀ ਜਾ ਸਕੇਗੀ ਕੋਰੋਨਾ ਵੈਕਸੀਨ : ਗ੍ਰੈਗ ਹੰਟ

ਇਸ ਦੌਰਾਨ ਚੀਨ ਨੇ ਕਿਹਾ ਹੈ ਕਿ ਉਹ ਹੁਣ ਬੀ.ਐੱਨ.ਓ. ਪਾਸਪੋਰਟ ਨੂੰ ਵੈਧ ਯਾਤਰਾ ਦਸਤਾਵੇਜ਼ ਜਾਂ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬ੍ਰਿਟੇਨ ਦੀ ਯੋਜਨਾ ਦੇ ਬਾਅਦੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦੌਰਾਨ ਆਇਆ ਹੈ। ਬ੍ਰਿਟੇਨ ਦੀ ਇਸ ਯੋਜਨਾ ਦੇ ਤਹਿਤ ਹਾਂਗਕਾਂਗ ਦੇ 54 ਲੱਖ ਲੋਕ ਬ੍ਰਿਟੇਨ ਵਿਚ ਅਗਲੇ ਪੰਜ ਸਾਲਾਂ ਲਈ ਰਹਿਣ ਅਤੇ ਕੰਮ ਕਰਨ ਦੇ ਯੋਗ ਹੋ ਜਾਣਗੇ ਅਤੇ ਉਸ ਮਗਰੋਂ ਉਹ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ। ਗੌਰਤਲਬ ਹੈ ਕਿ ਹਾਂਗਕਾਂਗ ਵਿਚ ਲੋਕਤੰਤਰ ਦੀ ਮੰਗ ਨੂੰ ਲੈ ਕੇ ਕਈ ਮਹੀਨੇ ਤੱਕ ਪ੍ਰਦਰਸ਼ਨ ਹੋਏ ਜਿਸ ਮਗਰੋਂ ਚੀਨ ਨੇ ਉੱਥੇ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰ ਦਿੱਤਾ ਸੀ। ਇਸ ਮਗਰੋਂ ਹੀ ਬ੍ਰਿਟੇਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਯੋਜਨਾ 'ਤੇ ਵਿਚਾਰ ਕੀਤਾ ਸੀ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।


author

Vandana

Content Editor

Related News