ਲੰਡਨ : ਭਾਰਤੀ ਮੂਲ ਦੀ ਮਹਿਲਾ ਲੁੱਟ ਮਾਮਲੇ ''ਚ ਦੋਸ਼ੀ ਕਰਾਰ

Monday, Jul 22, 2019 - 11:32 AM (IST)

ਲੰਡਨ : ਭਾਰਤੀ ਮੂਲ ਦੀ ਮਹਿਲਾ ਲੁੱਟ ਮਾਮਲੇ ''ਚ ਦੋਸ਼ੀ ਕਰਾਰ

ਲੰਡਨ (ਬਿਊਰੋ)— ਲੰਡਨ ਦੇ ਲੈਂਬੇਥ ਵਿਚ ਪਿਛਲੇ ਸਾਲ ਅਗਸਤ ਵਿਚ ਇਕ ਕਾਰੋਬਾਰੀ ਕੰਪਲੈਕਸ ਵਿਚ ਹੋਈ ਲੁੱਟ ਦੇ ਮਾਮਲੇ ਵਿਚ 3 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਇਨ੍ਹਾਂ ਵਿਚ ਭਾਰਤੀ ਮੂਲ ਦੀ ਇਕ ਮਹਿਲਾ ਵੀ ਸ਼ਾਮਲ ਹੈ। ਬੀਤੇ ਸ਼ੁੱਕਰਵਾਰ ਨੂੰ ਇਨਰ ਲੰਡਨ ਕ੍ਰਾਊਨ ਕੋਰਟ ਵਿਚ 28 ਸਾਲਾ ਹਰਪ੍ਰੀਤ ਕੌਰ ਨੂੰ ਧੋਖਾਧੜੀ ਕਰਨ ਅਤੇ ਸਟੋਰ ਦੇ ਇਕ ਕਰਮੀ ਨੂੰ ਅੰਦਰ ਬੰਦ ਕਰ ਦੇਣ ਦਾ ਦੋਸ਼ੀ ਪਾਇਆ ਗਿਆ। ਉਸ ਦੀਆਂ ਦੋਵੇਂ ਸਹਿਯੋਗੀਆਂ 42 ਸਾਲਾ ਮੋਨਿਕਾ ਪਸ਼ੀਆਸ ਅਤੇ 40 ਸਾਲਾ ਟਾਯਰੋਨ ਵਾ ਨੂੰ ਵੀ ਧੋਖਾਧੜੀ ਮਾਮਲੇ ਵਿਚ ਦੋਸ਼ੀ ਠਹਿਰਾਇਆ ਗਿਆ। ਤਿੰਨਾਂ ਨੂੰ 19 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ। 

ਸਕਾਟਲੈਂਡ ਯਾਰਡ ਨੇ ਇਕ ਬਿਆਨ ਵਿਚ ਕਿਹਾ,''ਪੁਲਸ ਨੂੰ 2 ਅਗਸਤ, 2018 ਦੀ ਦੁਪਹਿਰ ਸੈਂਟ ਜੌਰਜ ਘਾਟ ਸਥਿਤ ਇਕ ਵਪਾਰਕ ਕੰਪਲੈਕਸ ਵਿਚ ਚੋਰੀ ਹੋਣ ਮਗਰੋਂ ਬੁਲਾਇਆ ਗਿਆ ਸੀ।'' ਅਧਿਕਾਰੀਆਂ ਨੇ ਦੱਸਿਆ ਕਿ ਤਿੰਨੇ ਔਰਤਾਂ ਨੇ ਇਕ ਲੇਜ਼ਰ ਹੇਅਰ ਰੀਮੂਵਲ ਮਸ਼ੀਨ ਅਤੇ ਕੁਝ ਸਾਮਾਨ ਚੋਰੀ ਕੀਤਾ ਸੀ ਅਤੇ ਸਟੋਰ ਦੇ ਅੰਦਰ ਸਟਾਫ ਦੇ ਇਕ ਮੈਂਬਰ ਨੂੰ ਬੰਦ ਕਰ ਦਿੱਤਾ ਸੀ। ਪੁਲਸ ਨੇ ਦੱਸਿਆ ਕਿ ਹਰਪ੍ਰੀਤ ਕੌਰ ਅਤੇ ਪਸ਼ੀਆਸ ਨੂੰ 14 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਵਾ ਨੂੰ 31 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ।


author

Vandana

Content Editor

Related News