ਸਾਊਥਾਲ ਦੀ ਹੈਵਲੌਕ ਰੋਡ ਦਾ ਨਾਮ ਬਦਲ ਕੇ ''ਗੁਰੂ ਨਾਨਕ ਰੋਡ'' ਰੱਖਣ ਦਾ ਰਾਹ ਹੋਇਆ ਪੱਧਰਾ
Thursday, Nov 26, 2020 - 06:05 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਰਪ ਭਰ ਵਿੱਚ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਊਥਾਲ ਨੂੰ ਜਾਂਦੀ ਸੜਕ ਦਾ ਨਾਂ "ਗੁਰੂ ਨਾਨਕ ਰੋਡ" ਰੱਖਿਆ ਜਾਣਾ ਤੈਅ ਹੋ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਕੌਂਸਲਰ ਰਾਜਿੰਦਰ ਮਾਨ (ਸਾਬਕਾ ਮੇਅਰ), ਕੌਂਸਲਰ ਗੁਰਮੀਤ ਕੌਰ ਮਾਨ ਤੇ ਕੌਂਸਲਰ ਕਮਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਈਲਿੰਗ ਕੌਂਸਲ ਵੱਲੋਂ ਉਹਨਾਂ ਦੀ ਤਜਵੀਜ਼ 'ਤੇ ਮੋਹਰ ਲਗਾ ਦਿੱਤੀ ਹੈ ਤੇ ਜਲਦੀ ਹੀ ਹੈਵਲੌਕ ਰੋਡ ਦਾ ਨਾਮ ਗੁਰੂ ਨਾਨਕ ਰੋਡ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਹਰਕਤ ਵਿੱਚ ਆਉਣ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- 26/11 ਹਮਲਾ : ਯੂਰਪੀਅਨ ਸਾਂਸਦਾਂ ਨੇ ਇਮਰਾਨ ਤੋਂ ਦੋਸ਼ੀਆਂ ਖਿਲਾਫ਼ ਕੀਤੀ ਕਾਰਵਾਈ ਦੀ ਮੰਗੀ ਰਿਪੋਰਟ
ਉਹਨਾਂ ਨੇ ਕਿਹਾ ਕਿ ਸਾਡੀ ਰੀਝ ਸੀ ਕਿ ਇਸ ਗੁਰਪੁਰਬ 'ਤੇ ਹੀ ਸੰਗਤ ਦਾ ਸੁਪਨਾ ਸਾਕਾਰ ਕੀਤਾ ਜਾਂਦਾ ਪਰ ਕੋਰੋਨਾ ਹਦਾਇਤਾਂ ਤੇ ਤਾਲਾਬੰਦੀ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਕੁਝ ਦੇਰੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤਜਵੀਜ਼ ਦਾ ਮੁੱਢ ਈਲਿੰਗ ਕੌਂਸਲ ਦੇ ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ ਤੇ ਉਹਨਾਂ ਦੀ ਪਤਨੀ ਕੌਂਸਲਰ ਗੁਰਮੀਤ ਕੌਰ ਮਾਨ ਵੱਲੋਂ ਸੁਝਾਈ ਗਈ ਸੀ। ਇਸ ਸੁਝਾਅ ਦੀ ਸਾਊਥਾਲ ਦੇ ਸਿਆਸੀ ਆਗੂਆਂ ਤੇ ਆਮ ਸੰਗਤ ਵੱਲੋਂ ਪੁਰਜ਼ੋਰ ਸਰਾਹਨਾ ਕੀਤੀ ਗਈ ਸੀ। ਇਸ ਐਲਾਨ ਸੰਬੰਧੀ ਪੰਜਾਬੀ ਭਾਈਚਾਰੇ ਦੇ ਕੌਂਸਲਰ, ਸਹਿਯੋਗੀ ਕੌਂਸਲਰ ਵਧਾਈ ਦੇ ਪਾਤਰ ਹਨ, ਜਿਹਨਾਂ ਨੇ ਵੱਡੇ ਕਾਰਜ ਨੂੰ ਨੇਪਰੇ ਚਾੜ੍ਹਨ 'ਚ ਸਾਥ ਦਿੱਤਾ।