ਲੰਡਨ : ਅੰਡਰਗਰਾਊਂਡ ''ਚ ਦੂਜੇ ਵਿਸ਼ਵ ਯੁੱਧ ਵੇਲੇ ਚੱਲ ਰਹੀ ਸੀ ਲੜਾਕੂ ਜਹਾਜ਼ਾਂ ਦੀ ਫੈਕਟਰੀ

06/10/2020 9:03:52 AM

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਦੂਜੇ ਵਿਸ਼ਵ ਯੁੱਧ ਵੇਲੇ ਲੰਡਨ ਦੀ ਜ਼ਮੀਨਦੋਜ਼ ਰੇਲਵੇ ਦੀ ਸਰਕਲ ਲਾਈਨ ਨੂੰ ਲੜਾਕੂ ਜਹਾਜ਼ਾਂ ਨਾਲ ਸੰਬੰਧਤ ਸਮੱਗਰੀ ਬਣਾਉਣ ਲਈ ਕਾਰਖਾਨੇ ਵਜੋਂ ਵਰਤਿਆ ਗਿਆ ਸੀ। ਇਹ ਫੈਕਟਰੀ ਪੰਜ ਮੀਲ ਲੰਬੀ ਅਤੇ 13 ਫੁੱਟ ਚੌੜੀ ਸੀ। ਇਸ ਵਿੱਚ ਲਗਭਗ 4,000 ਕਾਮੇ ਕੰਮ ਕਰਦੇ ਸਨ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲੰਡਨ ਵਿੱਚ ਜ਼ਿਆਦਾਤਰ ਸੁਰੰਗਾਂ ਅਧੂਰੇ ਰੂਪ ਵਿੱਚ ਸਨ। ਇਸ ਸਮੇਂ ਇਲੈਕਟ੍ਰੋਨਿਕਸ ਸਮਾਨ ਦੀ ਨਿਰਮਾਤਾ ਕੰਪਨੀ ਪਲੈਸੀ ਨੇ 1940 ਵਿਚ ਇਲਫੋਰਡ ਵਿੱਚ ਆਪਣੀ ਫੈਕਟਰੀ ਵਿੱਚ ਬੰਬ ਧਮਾਕੇ ਤੋਂ ਬਾਅਦ ਲੇਟਨਸਟੋਨ ਅਤੇ ਗੈਂਟਸ ਹਿੱਲ ਵਿਚਾਲੇ ਇੱਕ ਗੁਪਤ ਜਹਾਜ਼ਾਂ ਦੇ ਕਾਰਖਾਨੇ ਨੂੰ ਸਥਾਪਤ ਕਰਨ ਦੀ ਇਜਾਜ਼ਤ ਦਿੱਤੀ ਸੀ। 

ਮਾਰਚ 1942 ਤਕ ਪਲੇਸੀ ਏਅਰਕ੍ਰਾਫਟ ਦੀ ਇਹ ਜ਼ਮੀਨਦੋਜ਼ ਫੈਕਟਰੀ ਬਣ ਕੇ ਤਿਆਰ ਹੋ ਗਈ ਸੀ ਅਤੇ ਇਸ ਵਿਚ ਹਜ਼ਾਰਾਂ ਲੋਕ ਕੰਮ ਕਰਦੇ ਸਨ। ਇਸ ਵਿੱਚ ਬੰਬ, ਵਾਇਰਲੈਸ ਉਪਕਰਣ ਅਤੇ ਫੀਲਡ ਟੈਲੀਫੋਨ ਲਈ ਤਾਰਾਂ ਦੇ ਸੈਟ ਬਣਦੇ ਸਨ। ਫੈਕਟਰੀ ਦੇ ਅੰਦਰ ਜਾਂ ਬਾਹਰ ਜਾਣ ਵਾਲਿਆਂ ਨੂੰ ਵੈਨਸਟੇਡ, ਰੈਡਬ੍ਰਿਜ ਅਤੇ ਗੈਂਟਸ ਹਿੱਲ ਦੇ ਤਿੰਨ ਅਧੂਰੇ ਟਿਊਬ ਸਟੇਸ਼ਨਾਂ ਦੀ ਵਰਤੋਂ ਕਰਨੀ ਪੈਂਦੀ ਸੀ। ਫੈਕਟਰੀ ਵੱਲੋਂ ਆਪਣੇ ਸਮਾਨ ਦੀ ਢੋਆ ਢੁਆਈ ਲਈ ਇੱਕ ਛੋਟੇ ਰੂਪ ਦੇ ਰੇਲਵੇ ਟਰੈਕ ਨੂੰ ਵੀ ਚਲਾਇਆ ਹੋਇਆ ਸੀ ਤਾਂ ਕਿ ਚੀਜ਼ਾਂ ਨੂੰ ਇਕ ਸਿਰੇ ਤੋਂ ਦੂਜੇ ਸਿਰੇ ਤਕ ਲਿਜਾਇਆ ਜਾ ਸਕੇ। 

ਫੈਕਟਰੀ ਵਿੱਚ ਰੋਸ਼ਨੀ ਅਤੇ ਏਅਰਕੰਡੀਸ਼ਨਿੰਗ ਤੋਂ ਇਲਾਵਾ ਕਾਮਿਆਂ ਨੂੰ ਨਿਯਮਿਤ ਤੌਰ 'ਤੇ ਭੋਜਨ ਦਿੱਤਾ ਜਾਂਦਾ ਸੀ। ਫੈਕਟਰੀ ਦੇ ਅੰਦਰ ਕੰਟੀਨ ਵੀ ਬਣਾਈ ਹੋਈ ਸੀ। ਇਸ ਫੈਕਟਰੀ ਵਿੱਚ ਦਿਨ ਰਾਤ ਕੰਮ ਚੱਲਦਾ ਸੀ ਤੇ ਰਿਪੋਰਟਾਂ ਦੱਸਦੀਆਂ ਹਨ ਕਿ ਫੈਕਟਰੀ ਨੇ ਅੱਠ ਮਿਲੀਅਨ ਸ਼ੈੱਲ ਅਤੇ ਬੰਬ ਤਿਆਰ ਕੀਤੇ ਸਨ ਅਤੇ 11 ਮਿਲੀਅਨ ਤੋਂ ਵੱਧ ਜਹਾਜ਼ ਦੇ ਪੁਰਜ਼ੇ ਬਣਾਏ ਸਨ। ਅਖੀਰ ਯੁੱਧ ਤੋਂ ਬਾਅਦ, ਫੈਕਟਰੀ ਬੰਦ ਹੋ ਗਈ ਸੀ ਅਤੇ ਸੁਰੰਗਾਂ ਨੂੰ ਉਨ੍ਹਾਂ ਦੇ ਅਸਲ ਮਕਸਦ ਆਵਾਜਾਈ ਦੇ ਸਾਧਨਾਂ ਵਿੱਚ ਵਾਪਸ ਤਬਦੀਲ ਕਰ ਦਿੱਤਾ ਗਿਆ ਸੀ। 1947 ਵਿੱਚ ਰੇਲਵੇ ਆਵਾਜਾਈ ਲਈ ਸਰਕਲ ਲਾਈਨ ਦਾ ਵਿਸਤਾਰ ਕਰਕੇ ਲੋਕਾਂ ਦੀ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਸੀ।


Vandana

Content Editor

Related News