ਲੰਡਨ: ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਹੋਇਆ ਹਿੰਸਕ, ਪੁਲਸ ਅਧਿਕਾਰੀਆਂ ''ਤੇ ਵਰ੍ਹਾਈਆਂ ਬੋਤਲਾਂ
Sunday, Apr 25, 2021 - 01:45 PM (IST)
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਲੰਡਨ ਵਿੱਚ ਸ਼ਨੀਵਾਰ ਨੂੰ ਤਾਲਾਬੰਦੀ ਵਿਰੋਧੀ ਪ੍ਰਦਰਸ਼ਨ ਉਸ ਵੇਲੇ ਹਿੰਸਕ ਹੋ ਗਿਆ ਜਦੋਂ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਅਧਿਕਾਰੀਆਂ 'ਤੇ ਬੋਤਲਾਂ ਮਾਰੀਆਂ ਗਈਆਂ। ਇਸ ਹਿੰਸਕ ਕਾਰਵਾਈ ਨਾਲ 8 ਅਧਿਕਾਰੀ ਜ਼ਖਮੀ ਹੋ ਗਏ ਹਨ। ਮੈਟਰੋਪੋਲੀਟਨ ਪੁਲਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਹਾਈਡ ਪਾਰਕ ਵਿੱਚ ਖਦੇੜਨ ਦੀ ਕੋਸ਼ਿਸ਼ ਕਰਦੇ ਪੁਲਸ ਮੁਲਾਜ਼ਮਾਂ ਵੱਲ ਬੋਤਲਾਂ ਸੁੱਟੀਆਂ ਗਈਆਂ।
ਪੜ੍ਹੋ ਇਹ ਅਹਿਮ ਖਬਰ - ਇੰਡੋਨੇਸ਼ੀਆਈ ਨੇਵੀ ਨੇ 53 ਸਵਾਰਾਂ ਨਾਲ ਪਣਡੁੱਬੀ ਡੁੱਬਣ ਦਾ ਕੀਤਾ ਐਲਾਨ
ਇਸ ਹਿੰਸਕ ਕਾਰਵਾਈ ਦੌਰਾਨ ਕਈ ਪੁਲਸ ਅਧਿਕਾਰੀਆਂ ਨੂੰ ਖੂਨ ਨਾਲ ਵੀ ਲੱਥਪਥ ਵੇਖਿਆ ਗਿਆ। ਇਸ ਦੇ ਇਲਾਵਾ ਆਕਸਫੋਰਡ ਸਟ੍ਰੀਟ 'ਤੇ ਵੀ ਵਿਰੋਧ ਪ੍ਰਦਰਸ਼ਨ ਹੋਇਆ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਦੁਕਾਨਦਾਰਾਂ ਨੂੰ ਮਾਸਕ ਹਟਾਉਣ ਲਈ ਨਾਅਰੇ ਲਗਾਏ। ਇਸ ਹਿੰਸਕ ਪ੍ਰਦਰਸ਼ਨ ਵਿੱਚ ਪੰਜ ਵਿਅਕਤੀਆਂ ਨੂੰ ਪੁਲਸ 'ਤੇ ਹਮਲਾ ਕਰਨ ਦੇ ਜ਼ੁਰਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਵਿੱਚ ਲੋਕਾਂ ਨੇ ਕੋਵਿਡ-19 ਟੀਕਾਕਰਨ ਅਤੇ ਵੈਕਸੀਨ ਪਾਸਪੋਰਟ ਵਿਰੋਧੀ ਬੈਨਰ ਫੜੇ ਹੋਏ ਸਨ। ਇੰਗਲੈਂਡ ਵਿਚ ਕੋਰੋਨਾ ਵਾਇਰਸ ਪਾਬੰਦੀਆਂ ਨੂੰ ਪੜਾਅ ਵਾਰ ਹਟਾਏ ਜਾਣ ਦੀ ਪ੍ਰਕਿਰਿਆ ਜਾਰੀ ਹੈ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਪੇਸ਼ ਆਉਣ।