ਗਲਾਸਗੋ ਦੇ ਗੁਰੂਘਰ ''ਚ ਅਨੋਖੇ ਢੰਗ ਨਾਲ ਮਨਾਇਆ ਗਿਆ 550ਵਾਂ ਗੁਰਪੁਰਬ

11/12/2019 9:35:45 AM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸ਼ਹਿਰ ਗਲਾਸਗੋ ਸਥਿਤ ਗੁਰਦੁਆਰਾ ਸ੍ਰੀ ਗਰੰਥ ਸਾਹਿਬ ਵਿਖੇ ਸਮੁੱਚੇ ਸਕਾਟਲੈਂਡ ਨਾਲੋਂ ਵਿਲੱਖਣ ਅੰਦਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸੰਦੇਸ਼ ਨੂੰ ਕੱਪੜੇ ਉੱਪਰ ਚਿੱਤਰਕਾਰੀ ਅਤੇ ਕਰੋਸ਼ੀਏ ਰਾਹੀਂ ਬੁਣਤੀ ਦੇ ਮਾਧਿਅਮ ਨਾਲ ਇੱਕ ਪਰਮਾਤਮਾ ਹੋਣ ਦਾ ਸੰਦੇਸ਼ ਦਿੰਦੀ ਕਲਾਕਾਰੀ ਕਰਨ ਹਿਤ 'ਗੁਰੂ ਨਾਨਕ ਟੀਮ' ਵੱਲੋਂ ਲਗਭਗ 18 ਮਹੀਨੇ ਸਖ਼ਤ ਮਿਹਨਤ ਕੀਤੀ ਗਈ। 

ਇਸ ਸੰਬੰਧੀ ਸਕਾਟਲੈਂਡ ਦੇ ਸਿੱਖ ਭਾਈਚਾਰੇ ਦੀ ਤਰਫੋਂ ਉਲੀਕੇ ਇਸ ਨਿਵੇਕਲੇ ਉੱਦਮ ਦੀ ਪ੍ਰਾਜੈਕਟ ਲੀਡਰ ਮਨਜੀਤ ਕੌਰ ਝੀਤਾ ਨੇ ਇਕ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕਲਾ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹਿਆਂ ਨੂੰ ਸੰਗਤਾਂ ਦੇ ਸਨਮੁੱਖ ਕਰਨ ਵਿੱਚ ਉਹਨਾਂ ਦੀ ਸਹਾਇਕ ਪਾਉਲਾ ਹੋਪ ਦਾ ਵਿਸ਼ੇਸ਼ ਯੋਗਦਾਨ ਰਿਹਾ, ਜਿਸਨੇ ਸਿਲਾਈ ਕਢਾਈ, ਸੂਈ ਦੇ ਕੰਮ ਵਿੱਚ ਆਪਣੀ ਨਿਪੁੰਨਤਾ ਨੂੰ 550ਵੇਂ ਪ੍ਰਕਾਸ਼ ਪੁਰਬ ਲੇਖੇ ਲਾਇਆ। ਕੱਪੜੇ ਉੱਪਰ ਸੂਈ ਦੀ ਬੁਣਤੀ ਰਾਹੀਂ ਚਿੱਤਰਕਾਰੀ ਅਤੇ ਕਰੋਸ਼ੀਏ ਦੀ ਬੁਣਤੀ ਦੇ ਇਸ ਅਨੋਖੇ ਕਲਾ ਕਾਰਜ ਨੂੰ ਨੇਪਰੇ ਚਾੜ੍ਹਨ ਵਿੱਚ ਕੁੱਲ 18 ਮਹੀਨੇ ਦਾ ਸਮਾਂ ਲੱਗਿਆ। 90 ਬੀਬੀਆਂ ਦੀ ਲੱਗਭਗ 500 ਸਖ਼ਤ ਮਿਹਨਤ ਨੇ ਆਪਣਾ ਰੰਗ ਦਿਖਾਇਆ ਹੈ। 

ਗੁਰਦੁਆਰਾ ਸਾਹਿਬ ਦੇ ਹੇਠਲੇ ਅਤੇ ਉੱਪਰਲੇ ਹਾਲ ਕਮਰਿਆਂ ਨੂੰ ਸ਼ਿੰਗਾਰਨ ਲਈ 800 ਦੇ ਲੱਗਭਗ ਸੰਤਰੀ ਰੰਗ ਦੇ ਫੁੱਲ ਕਰੋਸ਼ੀਏ ਨਾਲ ਬੁਣੇ ਗਏ ਸਨ। ਜਿਹਨਾਂ ਨੂੰ ਬਨਾਉਣ ਲਈ ਕੁੱਲ 270 ਘੰਟੇ ਦਾ ਸਮਾਂ ਲੱਗਿਆ। ਜਿੱਥੇ ਇਸ ਨਿਵੇਕਲੇ ਪ੍ਰਾਜੈਕਟ ਦੀ ਵਿਸ਼ਵ ਪੱਧਰ 'ਤੇ ਚਰਚਾ ਹੋ ਰਹੀ ਹੈ, ਉੱਥੇ ਇਸ ਕਾਰਜ ਵਿੱਚ ਕੀਨੀਆ ਅਤੇ ਆਸਟ੍ਰੇਲੀਆ ਦੀ ਸੰਗਤ ਵੱਲੋਂ ਸਹਿਯੋਗ ਦਿੱਤਾ ਗਿਆ ਹੈ। ਮਨਜੀਤ ਕੌਰ ਝੀਤਾ ਨੇ ਦੱਸਿਆ ਕਿ ਇਸ ਕਾਰਜ ਨੂੰ ਹੋਰ ਵਿਸ਼ਾਲਤਾ ਦੇਣ ਲਈ ਨਿੱਕੇ ਬੱਚਿਆਂ ਨੂੰ ਆਪਣੇ ਮਾਪਿਆਂ ਨਾਲ ਘਰੇਲੂ ਕੰਮਾਂਕਾਰਾਂ ਵਿੱਚ ਮਦਦ ਕਰਕੇ ਘੱਟੋ ਘੱਟ 5 ਪੌਂਡ ਇਕੱਤਰ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਇਕੱਤਰ ਰਾਸ਼ੀ ਨਾਲ 550 ਕੰਬਲ ਖਰੀਦ ਕੇ ਸਕਾਟਲੈਂਡ ਦੇ 550 ਬੇਘਰਾਂ ਨੂੰ ਤਕਸੀਮ ਕੀਤੇ ਜਾ ਸਕਣ। 

ਇਸ ਸਮਾਗਮ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਕੌਂਸਲੇਟ ਜਨਰਲਾਂ ਸਮੇਤ ਹਰਿੰਦਰ ਸਿੰਘ ਕੋਹਲੀ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਲਭਾਇਆ ਸਿੰਘ ਮਹਿਮੀ ਅਤੇ ਸਮੂਹ ਮੈਂਬਰਾਨ ਵੱਲੋਂ ਆਈਆਂ ਸੰਗਤਾਂ ਸਮੇਤ ਉਹਨਾਂ ਸਭ ਦਾ ਧੰਨਵਾਦ ਕੀਤਾ, ਜਿਹਨਾਂ ਨੇ ਇਸ ਅਨੋਖੇ ਸੇਵਾ ਕਾਰਜ ਨੂੰ ਅੰਤਮ ਛੋਹਾਂ ਦੇਣ ਲਈ ਯੋਗਦਾਨ ਪਾਇਆ।


Vandana

Edited By Vandana