ਤਾਲਾਬੰਦੀ ਦੇ ਬਾਵਜੂਦ ਕੈਨੇਡਾ 'ਚ ਕਿਉਂ ਵੱਧ ਰਹੇ ਕੋਰੋਨਾ ਮਾਮਲੇ, ਮਾਹਰਾਂ ਨੇ ਕੀਤਾ ਖੁਲਾਸਾ

Saturday, Jan 09, 2021 - 10:00 PM (IST)

ਤਾਲਾਬੰਦੀ ਦੇ ਬਾਵਜੂਦ ਕੈਨੇਡਾ 'ਚ ਕਿਉਂ ਵੱਧ ਰਹੇ ਕੋਰੋਨਾ ਮਾਮਲੇ, ਮਾਹਰਾਂ ਨੇ ਕੀਤਾ ਖੁਲਾਸਾ

ਕਿਊਬਿਕ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਹਾਲ ਹੀ ਦੇ 3-4 ਮਹੀਨਿਆਂ ਤੋਂ ਬਹੁਤ ਵੱਧ ਗਏ ਹਨ। ਕਈ ਸੂਬਿਆਂ ਵਿਚ ਤਾਲਾਬੰਦੀ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਹੈ। ਓਂਟਾਰੀਓ ਤੇ ਕਿਊਬਿਕ ਸੂਬਿਆਂ ਵਿਚ ਕੋਰੋਨਾ ਦੇ ਮਾਮਲਿਆਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਕਿ ਇੱਥੇ ਤਾਲਾਬੰਦੀ ਲੱਗੀ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਕੁਝ ਖੇਤਰਾਂ ਵਿਚ ਕੋਰੋਨਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣ ਵਾਲੀ ਗੱਲ ਹੈ ਕਿ ਨਿਯਮ ਲਾਗੂ ਕਰਨ ਵਿਚ ਗਲਤੀ ਕਿੱਥੇ ਹੋ ਰਹੀ ਹੈ? 

ਜ਼ਿਕਰਯੋਗ ਹੈ ਕਿ ਬਹੁਤ ਸਾਰੇ ਲੋਕ ਕੋਰੋਨਾ ਪਾਬੰਦੀਆਂ ਦੀ ਅਣਗਹਿਲੀ ਕਰਦੇ ਹੋਏ ਫੜੇ ਗਏ ਹਨ। ਕਈ ਵਾਰ ਸ਼ਾਪਿੰਗ ਮਾਲ ਅੰਦਰ ਬਿਨਾਂ ਮਾਸਕ ਪਾਏ ਲੋਕਾਂ ਦੀ ਭੀੜ ਲੱਗੀ ਹੁੰਦੀ ਹੈ ਤੇ ਕਈ ਵਾਰ ਲੋਕ ਚੋਰੀ-ਚੋਰੀ ਪਾਰਟੀਆਂ ਕਰਦੇ ਫੜੇ ਜਾਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਲੋਕ ਖ਼ੁਦ ਵੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ ਤੇ ਇਸੇ ਲਈ ਮਾਮਲੇ ਵੱਧਦੇ ਜਾ ਰਹੇ ਹਨ। 

ਓਟਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਰੇਵਾਟ ਨੇ ਦੱਸਿਆ ਕਿ ਜਦ ਪਿਛਲੇ ਸਾਲ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਤੇ ਕੈਨੇਡਾ ਵਿਚ ਮਾਮਲੇ ਮਿਲਣੇ ਸ਼ੁਰੂ ਹੋਏ ਤਾਂ ਪੂਰੀ ਤਰ੍ਹਾਂ ਤਾਲਾਬੰਦੀ ਕੀਤੀ ਗਈ ਸੀ। ਕੋਈ ਵਿਅਕਤੀ ਆਪਣਾ ਘਰ ਛੱਡ ਕੇ ਜਾ ਨਹੀਂ ਸਕਦਾ ਸੀ ਤੇ ਸਾਰੇ ਵਪਾਰਕ ਅਦਾਰੇ ਲਗਭਗ ਬੰਦ ਸਨ। ਇਸੇ ਲਈ ਉਸ ਸਮੇਂ ਕੋਰੋਨਾ ਵਾਇਰਸ ਦੇ ਬਹੁਤ ਘੱਟ ਮਾਮਲੇ ਦਰਜ ਹੋਏ। ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਕਹਿਣ ਲਈ ਹੀ ਤਾਲਾਬੰਦੀ ਹੈ ਕਿਉਂਕਿ ਕੁਝ ਵਪਾਰਕ ਅਦਾਰੇ ਖੁੱਲ੍ਹੇ ਹਨ ਤੇ ਕੁਝ ਬੰਦ ਹਨ। ਇਸ ਲਈ ਲੋਕ ਕਿਸੇ ਨਾ ਕਿਸੇ ਤਰੀਕੇ ਕੋਰੋਨਾ ਪਾਬੰਦੀਆਂ ਨੂੰ ਤੋੜ ਰਹੇ ਹਨ ਤੇ ਮਾਮਲੇ ਵੀ ਵੱਧਦੇ ਜਾ ਰਹੇ ਹਨ। 

ਡਾ. ਮਿਸ਼ੇਲ ਗਾਰਦਾਮ ਨੇ ਵੀ ਇਹ ਹੀ ਕਿਹਾ ਕਿ ਪਹਿਲਾਂ ਤਾਲਾਬੰਦੀ ਸਮੇਂ ਸੜਕਾਂ ਖਾਲੀ ਹੁੰਦੀਆਂ ਸਨ ਤੇ ਕੋਈ ਵੀ ਵਿਅਕਤੀ ਘਰੋਂ ਨਿਕਲਣ ਤੋਂ ਵੀ ਡਰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਓਂਟਾਰੀਓ ਸੂਬੇ ਵਿਚ ਪਹਿਲਾਂ ਜਿੱਥੇ 2 ਹਜ਼ਾਰ ਮਾਮਲੇ ਰੋਜ਼ਾਨਾ ਦਰਜ ਹੁੰਦੇ ਸਨ, ਉੱਥੇ ਹੁਣ ਇਹ ਦੁੱਗਣੇ ਹੋ ਗਏ ਹਨ ਤੇ ਬੀਤੇ ਦਿਨ 4,249 ਲੋਕ ਕੋਰੋਨਾ ਦੇ ਸ਼ਿਕਾਰ ਹੋਏ। ਅਜਿਹਾ ਹੀ ਹਾਲ ਕਿਊਬਿਕ ਦਾ ਵੀ ਹੈ। 


author

Sanjeev

Content Editor

Related News