COVID-19: ਨਿਊਜ਼ੀਲੈਂਡ ਵੀ ਹੋਣ ਜਾ ਰਿਹਾ ਹੈ ਲਾਕਡਾਊਨ, NRIs ਨੂੰ ਵੱਡਾ ਝਟਕਾ
Monday, Mar 23, 2020 - 07:45 PM (IST)
ਵੈਲਿੰਗਟਨ : ਵਿਸ਼ਵ ਭਰ ਦੇ 180 ਤੋਂ ਵੱਧ ਦੇਸ਼ਾਂ ਵਿਚ ਫੈਲ ਚੁੱਕੇ ਕੋਰੋਨਾ ਵਾਇਰਸ ਕਾਰਨ ਪ੍ਰਦੇਸਾਂ ਵਿਚ ਰੋਜ਼ੀ-ਰੋਟੀ ਕਮਾਉਣ ਗਏ ਲੋਕਾਂ ਲਈ ਮੁਸ਼ਕਲ ਹੋ ਰਿਹਾ ਹੈ। ਇਟਲੀ, ਫਰਾਂਸ, ਸਪੇਨ, ਯੂ. ਕੇ. ਤੇ ਆਸਟ੍ਰੇਲੀਆ ਤੋਂ ਬਾਅਦ ਹੁਣ ਨਿਊਜ਼ੀਲੈਂਡ ਵਿਚ ਵੀ ਲਾਕਡਾਊਨ ਦੀ ਘੰਟੀ ਵੱਜਣ ਜਾ ਰਹੀ ਹੈ।
ਨਿਊਜ਼ੀਲੈਂਡ ਬੁੱਧਵਾਰ ਰਾਤ ਤੋਂ ਇਕ ਮਹੀਨੇ ਲਈ ਦੇਸ਼ ਪੱਧਰੀ ਤਾਲਾਬੰਦੀ ਵਿਚ ਦਾਖਲ ਹੋਣ ਦੀ ਤਿਆਰੀ ਕਰ ਰਿਹਾ ਹੈ, ਕਿਸੇ ਨੂੰ ਵੀ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ।
ਨਿਊਜ਼ੀਲੈਂਡ ਵਿਚ ਸਕੂਲ, ਬੱਸਾਂ ਤੇ ਕਾਰੋਬਾਰ ਵੀ ਬੰਦ ਹੋ ਜਾਣਗੇ। ਇਹ ਕਦਮ ਕੋਵਿਡ-19 ਦੇ ਮਾਮਲਿਆਂ ਦੀ ਗਿਣਤੀ 100 ਤੋਂ ਪਾਰ ਹੋਣ ਪਿੱਛੋਂ ਚੁੱਕਿਆ ਗਿਆ ਹੈ। ਰਾਸ਼ਟਰ ਨੂੰ ਸੰਬੋਧਨ ਵਿਚ ਪ੍ਰਧਾਨ ਮੰਤਰੀ ਜੈਕਿੰਡਾ ਨੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਦੀ ਜ਼ਿੰਦਗੀ ਨੂੰ ਖਤਰੇ ਵਿਚ ਨਹੀਂ ਪਾਉਣਾ ਚਾਹੁੰਦੇ।
ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਵਾਲਿਆਂ ਦੀ ਰੱਖਿਆ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ। ਇਸ ਲਈ ਸਭ ਨੂੰ ਹਿਦਾਇਤ ਹੈ ਕਿ ਘਰਾਂ ਵਿਚ ਰਹੋ, ਜ਼ਰੂਰੀ ਹੋਵੇ ਤਾਂ ਹੀ ਬਾਹਰ ਨਿਕਲੋ। ਸਰਕਾਰ ਦਾ ਕਹਿਣਾ ਹੈ ਕਿ ਇਹ ਲਾਕਡਾਊਨ ਇਕ ਮਹੀਨੇ ਤਕ ਚੱਲੇਗਾ ਅਤੇ ਜੇਕਰ ਇਸ ਵਿਚਕਾਰ ਕੋਰੋਨਾ ਵਾਇਰਸ ਦੇ ਰੁਝਾਨ ਘੱਟ ਹੁੰਦੇ ਹਨ ਤਾਂ ਕੁਝ ਵਿਸ਼ੇਸ਼ ਸ਼ਹਿਰਾਂ ਜਾਂ ਇਲਾਕਿਆਂ ਵਿਚ ਢਿੱਲ ਦਿੱਤੀ ਜਾ ਸਕਦੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਹੁਣ ਇਹ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਹਰ 5 ਦਿਨ ਵਿਚ ਮਾਮਲੇ ਦੁੱਗਣੇ ਹੋ ਜਾਣਗੇ ਤੇ ਹਜ਼ਾਰਾਂ ਦੀ ਮੌਤ ਹੋ ਜਾਵੇਗੀ। ਉਨ੍ਹਾਂ ਕਿਹਾ, "ਸਾਡੇ ਇੱਥੇ ਇਸ ਸਮੇਂ 102 ਮਾਮਲੇ ਹਨ, ਇਟਲੀ ਵਿਚ ਵੀ ਇਕ ਵਾਰ ਸਥਿਤੀ ਇਸ ਤਰ੍ਹਾਂ ਹੀ ਸੀ ਪਰ ਹੁਣ ਇਕਦਮ ਵਾਇਰਸ ਨੇ ਉਨ੍ਹਾਂ ਦੀ ਸਿਹਤ ਪ੍ਰਣਾਲੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਸੈਂਕੜੇ ਲੋਕ ਹਰ ਰੋਜ਼ ਮਰ ਰਹੇ ਹਨ।"