ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਹੋਈ ਸਾਹਿਤਕ ਮਿਲਣੀ

Monday, Feb 05, 2024 - 06:10 PM (IST)

ਸਾਹਿਤ ਸੁਰ ਸੰਗਮ ਸਭਾ ਇਟਲੀ ਦੀ ਹੋਈ ਸਾਹਿਤਕ ਮਿਲਣੀ

ਰੋਮ (ਕੈਂਥ): ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਰਿਜੋਇਮੀਲੀਆ ਦੇ ਸ਼ਹਿਰ ਬਨਿਓਲੋ ਇਨ ਪਿਆਨੋ ਵਿਚ ਇਹ ਸਾਹਿਤਕ ਮਿਲਣੀ ਬਾਰ ਐਂਡ ਰੈਸਟੋਰੈਂਟ ਸਿੰਘ ਹਰਪਾਲ ਵਿਖੇ ਹੋਈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਨੇ ਉਚੇਚੇ ਤੌਰ 'ਤੇ ਬ੍ਰਿਟੇਨ ਦੀ ਧਰਤੀ ਤੋਂ ਪਹੁੰਚ ਕੇ ਸ਼ਿਰਕਤ ਕੀਤੀ। ਮੰਚ ਸੰਚਾਲਕ ਦਲਜਿੰਦਰ ਰਹਿਲ ਹੋਰਾਂ ਨੇ ਪ੍ਰੋਗਰਾਮ ਦੀ ਸ਼ੁਰੂਆਤ ਸੁਰਜੀਤ ਪਾਤਰ ਅਤੇ ਪ੍ਰੋਫੈਸਰ ਗੁਰਭਜਨ ਗਿੱਲ ਜੀ ਦੇ ਸ਼ੇਅਰਾਂ ਨਾਲ ਕੀਤੀ। 

ਸਭਾ ਦੇ ਸਰਪ੍ਰਸਤ ਬਲਵਿੰਦਰ ਸਿੰਘ ਚਾਹਲ ਜੀ ਦੇ ਇਟਲੀ ਆਉਣ 'ਤੇ ਰੱਖੀ ਇਸ ਸਾਹਿਤਕ ਮਿਲਣੀ ਵਿੱਚ ਸਭਾ ਵਲੋਂ ਬੀਤੇ ਸਮੇਂ ਵਿੱਚ ਕੀਤੇ ਕੰਮਾਂ ਦੀ ਅੰਤਰਰਾਸ਼ਟਰੀ ਪੱਧਰ ਤੱਕ ਚਰਚਾ ਦੀ ਵਧਾਈ ਉਨ੍ਹਾਂ ਸਭਾ ਦੇ ਸਾਰੇ ਮੈਂਬਰਾਂ ਨੂੰ ਦਿੱਤੀ ਅਤੇ ਅੱਗੇ ਤੋਂ ਵੀ ਸਭਾ ਵਲੋਂ ਵਿਦੇਸ਼ੀ ਧਰਤੀ 'ਤੇ ਮਾਂ ਬੋਲੀ ਪੰਜਾਬੀ ਲਈ ਵੱਧ ਤੋਂ ਵੱਧ ਪਸਾਰ ਅਤੇ ਪ੍ਰਚਾਰ ਲਈ ਯਤਨਸ਼ੀਲ ਰਹਿਣ ਲਈ ਕਿਹਾ। ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸਭਾ ਦੇ ਮੈਂਬਰਾਂ ਵਲੋਂ ਸਾਹਿਤਕ ਵਿਚਾਰਾਂ ਕੀਤੀਆਂ ਗਈਆਂ। ਸ਼ਾਨਦਾਰ ਕਵੀ ਦਰਬਾਰ ਦੀ ਸ਼ੁਰੂਆਤ ਇਟਲੀ ਦੇ ਗਾਇਕ ਸੋਢੀ ਮੱਲ ਨੇ ਕੀਤੀ। ਇਸ ਤੋਂ ਬਾਅਦ ਦੀਪ ਇਟਲੀ ਨੇ ਵੀ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਹਾਜਰੀ ਲਗਵਾਈ। 

PunjabKesari

ਕਵੀ ਦਰਬਾਰ ਵਿੱਚ ਕਰਮਜੀਤ ਕੌਰ ਰਾਣਾ, ਜਸਵਿੰਦਰ ਕੌਰ ਮਿੰਟੂ ਅਤੇ ਉਨ੍ਹਾਂ ਦੀ ਧੀ ਰਾਣੀ ਗੁਰਲੀਨ, ਬਲਵਿੰਦਰ ਸਿੰਘ ਚਾਹਲ, ਦਲਜਿੰਦਰ ਰਹਿਲ, ਮੀਤ ਪ੍ਰਧਾਨ ਮਾਸਟਰ ਗੁਰਮੀਤ ਸਿੰਘ ਮੱਲੀ, ਪ੍ਰੋਫੈਸਰ ਜਸਪਾਲ ਸਿੰਘ, ਸਿੱਕੀ ਝੱਜੀ ਪਿੰਡ ਵਾਲਾ ਨੇ ਆਪੋ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਇਸ ਦੇ ਚਲਦੇ ਪ੍ਰੋਗਰਾਮ ਵਿੱਚ ਫੋਨ ਰਾਹੀਂ ਅੱਖਰ ਮੈਗਜ਼ੀਨ ਦੇ ਸੰਪਾਦਕ ਵਿਸ਼ਾਲ ਬਿਆਸ ਜੀ ਨੇ ਵੀ ਸਭਾ ਵਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅੱਜ ਉਹਨਾਂ ਵਲੋਂ ਵਿਦੇਸ਼ੀ ਧਰਤੀ 'ਤੇ ਲਗਾਏ ਬੂਟੇ ਨੂੰ ਫਲ ਲੱਗਣ ਲੱਗਿਆ ਹੈ ਜਿਸ ਦੀ ਖੁਸ਼ੀ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਡਾਕਟਰ ਦਲਵੀਰ ਸਿੰਘ ਕਥੂਰੀਆ ਵਲੋਂ ਫੋਨ ਰਾਹੀਂ ਸਭਾ ਦੇ ਮੈਂਬਰਾਂ ਨਾਲ ਫਤਿਹ ਦੀ ਸਾਂਝ ਪਾ ਕੇ ਮਾਂ ਬੋਲੀ ਪੰਜਾਬੀ ਦੇ ਇਨ੍ਹਾਂ ਸੇਵਾਦਾਰਾਂ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਸਾਥ ਦੇਣ ਦੀ ਗੱਲ ਆਖੀ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਲਾਪਤਾ ਬਜ਼ੁਰਗ ਪੰਜਾਬਣ ਮਿਲੀ ਸਹੀ ਸਲਾਮਤ

ਜਿਕਰਯੋਗ ਹੈ ਕਿ ਬਲਵਿੰਦਰ ਸਿੰਘ ਚਾਹਲ ਜੀ ਨੇ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਭਾ ਵਲੋਂ ਪ੍ਰੋਗਰਾਮ ਕਰਵਾਉਣ ਲਈ ਵੀ ਪੇਸ਼ਕਸ਼ ਕੀਤੀ। ਪੰਜਾਬ ਭਵਨ ਸਰੀ ਦੇ ਸੰਸਥਾਪਕ ਸੁੱਖੀ ਬਾਠ ਜੀ ਵਲੋਂ ਆਰੰਭੇ ਕਾਰਜ ਨਵੀਆਂ "ਕਲਮਾਂ ਨਵੀ ਉਡਾਣ" ਲਈ ਬੱਚਿਆਂ ਦੀਆਂ ਲਿਖੀਆਂ ਰਚਨਾਵਾਂ ਨੂੰ ਯੂਰਪੀ ਪੱਧਰ 'ਤੇ ਸਹਿਯੋਗ ਦੇਣ ਲਈ ਵੀ ਸਭਾ ਨੂੰ ਪੇਸ਼ਕਸ਼ ਕੀਤੀ ਅਤੇ ਆਸ ਪ੍ਰਗਟਾਈ ਕਿ ਸਭਾ ਦੇ ਮੌਜੂਦਾ ਪ੍ਰਧਾਨ ਬਿੰਦਰ ਕੋਲੀਆਂਵਾਲ ਜ਼ਰੂਰ ਸਹਿਯੋਗ ਦੇਣਗੇ। ਇਸ ਨਾਲ ਬੱਚਿਆਂ ਵਿੱਚ ਮਾਂ ਬੋਲੀ ਪੰਜਾਬੀ ਲਈ ਹੋਰ ਵੀ ਉਤਸ਼ਾਹ ਪੈਦਾ ਹੋਵੇਗਾ। ਇਸ ਪ੍ਰੋਗਰਾਮ ਦੇ ਅੰਤ ਵਿੱਚ ਬਿੰਦੂ ਦਲਵੀਰ ਕੌਰ ਦੀ ਹਰਫ ਇਲਾਹੀ ਕਿਤਾਬ ਵੀ ਰਿਲੀਜ਼ ਕੀਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News