ਟਰੂਡੋ ਲਈ ਗਲ੍ਹ ਦੀ ਹੱਡੀ ਬਣਿਆ 'ਬਲੈਕ ਫੇਸ' ਵਿਵਾਦ, ਰੋਕਿਆ ਚੋਣ ਪ੍ਰਚਾਰ
Friday, Sep 20, 2019 - 04:13 PM (IST)

ਟੋਰਾਂਟੋ— ਚਿਹਰੇ ਸਣੇ ਪੂਰੇ ਪਿੰਡੇ 'ਤੇ ਕਾਲਾ ਰੰਗ ਕਰਕੇ ਜੀਭਾਂ ਕੱਢ ਰਹੇ ਜਸਟਿਨ ਟਰੂਡੋ ਦੀ ਇਕ ਹੋਰ ਵੀਡੀਓ ਨੇ ਕੈਨੇਡੀਅਨ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ ਤੇ ਫਿਲਹਾਲ ਹੀ ਲਿਬਰਲ ਆਗੂ ਦਾ ਚੋਣ ਪ੍ਰਚਾਰ ਰੋਕ ਦਿੱਤਾ ਗਿਆ ਹੈ। ਟਰੂਡੋ ਵਲੋਂ ਨਸਲਵਾਦੀ ਭਾਵਨਾਵਾਂ ਨੂੰ ਭੜਕਾਉਣ ਦਾ ਇਹ ਤੀਜਾ ਮਾਮਲਾ ਸਾਹਮਣੇ ਆਇਆ ਹੈ ਤੇ ਗਲੋਬਲ ਨਿਊਜ਼ ਨੇ ਇਸ ਸਬੰਧੀ ਨਵੀਂ ਵੀਡੀਓ ਜਨਤਕ ਕੀਤੀ ਹੈ।
ਇਸ ਤੋਂ ਪਹਿਲਾਂ ਰਸਾਲੇ ਨੇ ਜਸਟਿਨ ਟਰੂਡੋ ਦੀਸਾਲ 2001 ਦੀ ਖਿੱਚੀ ਇਕ ਤਸਵੀਰ ਛਾਪ ਕੇ ਤਹਿਲਕਾ ਜਿਹਾ ਮਚਾ ਦਿੱਤਾ ਸੀ ਤੇ ਹੁਣ 1990 ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਲਿਬਰਲ ਪਾਰਟੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਵੀਡੀਓ 'ਚ ਨਜ਼ਰ ਆ ਰਿਹਾ ਵਿਅਕਤੀ ਜਸਟਿਨ ਟਰੂਡੋ ਹੈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਵੀਡੀਓ ਕਿਥੇ ਰਿਕਾਰਡ ਕੀਤੀ ਗਈ ਹੈ।
ਦੱਸ ਦਈਏ ਕਿ ਰਸਾਲੇ 'ਚ ਛਪੀ ਤਸਵੀਰ ਤੋਂ ਬਾਅਦ ਪੈਦਾ ਹੋਏ ਵਿਵਾਦ 'ਤੇ ਟਰੂਡੋ ਮੁਆਫੀ ਮੰਗ ਚੁੱਕੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪੱਤਰਕਾਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੂਡੋ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਤਸਵੀਰ 18 ਸਾਲ ਪੁਰਾਣੀ ਹੈ। ਉਨ੍ਹਾਂ ਨੇ ਇਹ ਪੁਸ਼ਾਕ ਗਾਲਾ ਪ੍ਰੋਗਰਾਮ ਦੌਰਾਨ ਪਹਿਨੀ ਸੀ। ਪ੍ਰੋਗਰਾਮ 'ਚ ਇਕ ਅਰਬ ਨਾਈਟ ਥੀਮ ਸੀ ਤੇ ਉਹ ਅੱਲਾਹਦੀਨ ਦਾ ਕਿਰਦਾਰ ਨਿਭਾ ਰਹੇ ਸਨ। ਉਨ੍ਹਾਂ ਮੰਨਿਆ ਕਿ ਇਹ ਨਸਲੀਵਾਦੀ ਪਹਿਰਾਵਾ ਸੀ ਪਰ ਉਨ੍ਹਾਂ ਨੇ ਉਸ ਵੇਲੇ ਇਸ ਬਾਰੇ ਸੋਚਿਆ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਮੈਂ ਪੂਰੇ ਦੇਸ਼ ਦੇ ਕੈਨੇਡੀਅਨਾਂ ਤੋਂ ਮੁਆਫੀ ਮੰਗਦਾ ਹੈ। ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।