ਲੈਸਟਰ ਦੇ ਗੁਰਦੇਵ ਸਿੰਘ ਸੰਘਾ ਅਤੇ ਦੋ ਹੋਰਨਾਂ ਦੀਆਂ ਸਜ਼ਾਵਾਂ ਬਰਕਰਾਰ

06/11/2017 4:09:01 PM

ਲੰਡਨ (ਰਾਜਵੀਰ ਸਮਰਾ)— ਦੋ ਸਾਲ ਪਹਿਲਾਂ ਲੈਸਟਰ 'ਚ ਇਕ ਪੱਬ ਦੇ ਬਾਹਰ ਲੜਾਈ-ਝਗੜਾ ਰੋਕਣ ਦੀ ਕੋਸ਼ਿਸ਼ ਕਰ ਰਹੇ ਇਕ ਪਲੰਬਰ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦੇ ਮਾਮਲੇ 'ਚ ਗੁਰਦੇਵ ਸਿੰਘ ਸੰਘਾ ਅਤੇ ਦੋ ਹੋਰਨਾਂ ਨੂੰ ਸੁਣਾਈ ਗਈ ਲੰਮੀ ਸਜ਼ਾ ਵਿਚ ਕਟੌਤੀ ਦੀ ਅਪੀਲ ਰੱਦ ਹੋ ਗਈ ਹੈ। ਲੰਡਨ 'ਚ ਅਪੀਲ ਅਦਾਲਤ ਅੱਗੇ ਗੁਰਦੇਵ ਸਿੰਘ ਸੰਘਾ (26), ਫਿਲਿਪ ਜੌਹਨ ਮੈਰੀ (30) ਅਤੇ ਯੂਜੀਨ ਬੈਲ ਉਰਫ ਮੁਹੰਮਦ ਬੈਲ (31) ਵਜੋਂ ਆਪਣੀਆਂ ਸਜ਼ਾਵਾਂ 'ਚ ਕਟੌਤੀ ਲਈ ਅਪੀਲਾਂ ਕੀਤੀਆਂ ਗਈਆਂ ਸਨ। ਇਨ੍ਹਾਂ ਤਿੰਨਾਂ ਨੂੰ 6 ਜੂਨ 2015 ਨੂੰ ਬੈਲਗਰੇਵ ਵਿਚ ਡਰਮ ਔਕਸ ਦੇ ਬਾਹਰ 44 ਸਾਲਾ ਸਟੀਵਨ ਮੈਕਿੰਨਨ ਦੀ ਮੌਤ ਲਈ ਮਾਨਵ ਹੱਤਿਆ ਦਾ ਦੋਸ਼ੀ ਮੰਨਿਆ ਗਿਆ ਸੀ, ਜਿਸ ਤਹਿਤ ਬੈਲ ਨੂੰ 10 ਸਾਲ ਅਤੇ ਮੈਰੀ ਅਤੇ ਸੰਘਾ ਨੂੰ 8-8 ਸਾਲ ਦੀ ਕੈਦ ਹੋਈ ਸੀ, ਪਰ ਤਿੰਨਾਂ ਨੂੰ ਪਲੰਬਰ ਮੈਕਿੰਨਨ ਦੇ ਕਤਲ ਦੇ ਦੋਸ਼ 'ਚੋਂ ਬਰੀ ਕਰ ਦਿੱਤਾ ਗਿਆ ਸੀ। ਮੈਰੀ ਅਤੇ ਸੰਘਾ ਨੂੰ ਮਿਸਟਰ ਮੈਕਿੰਨਨ ਦੇ ਮਤਰੇਏ ਪੁੱਤਰ ਕੌਰਟਨੀ ਹਿਊਜਸ-ਸਮਿੱਥ 'ਤੇ ਹਮਲੇ ਲਈ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ। ਮੈਰੀ ਵਾਸੀ ਥਰਮੈਸਟਨ ਅਤੇ ਸੰਘਾ ਵਾਸੀ ਓਵਰਡਾਲ ਐਵੇਨਿਊ, ਗਲੈਨਫੀਲਡ ਵਲੋਂ ਆਪਣੀਆਂ ਸਜ਼ਾਵਾਂ ਖਿਲਾਫ਼ ਅਪੀਲ ਪਾਉਂਦੇ ਦਾਅਵਾ ਕੀਤਾ ਗਿਆ ਸੀ ਕਿ ਇਹ ਸਜ਼ਾਵਾਂ ਗੈਰ-ਸੁਰੱਖਿਅਤ ਸਨ। ਪਰ ਅਪੀਲ ਅਦਾਲਤ ਦੇ ਜੱਜਾਂ ਨੇ ਇਹ ਅਪੀਲਾਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਚਿਤ ਸਜ਼ਾਵਾਂ ਮਿਲੀਆਂ ਸਨ। ਇਸੇ ਦੌਰਾਨ ਮੈਰੀ ਅਤੇ ਬੈਲ ਦੀਆਂ ਸਜ਼ਾਵਾਂ ਕਾਫ਼ੀ ਵੱਖ ਹੋਣ ਕਰਕੇ ਕਟੌਤੀ ਦੀ ਅਪੀਲ ਵੀ ਰੱਦ ਕਰ ਦਿੱਤੀ ਗਈ। ਇਸ ਫ਼ੈਸਲੇ 'ਤੇ ਪੀੜਤ ਪਰਿਵਾਰ ਨੇ ਤਸੱਲੀ ਦਾ ਇਜ਼ਹਾਰ ਕੀਤਾ।


Related News