ਸਾਲਾਂ ਬੱਦੀ ਹੋਣਗੀਆਂ ਅਫਗਾਨਿਸਤਾਨ ਵਿਚ ਚੋਣਾਂ

Sunday, Apr 01, 2018 - 04:48 PM (IST)

ਕਾਬੁਲ (ਅਫਗਾਨਿਸਤਾਨ)- ਅਫਗਾਨਿਸਤਾਨ ਵਿਚ ਤਿੰਨ ਸਾਲ ਬਾਅਦ 20 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਹੋਣਗੀਆਂ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਬਾਗੀ ਤਾਲੀਬਾਨ ਅਤੇ ਰਾਜਨੀਤਕ ਅਸਥਿਰਤਾ ਨਾਲ ਇਹ ਦੇਸ਼ ਪਿਛਲੇ ਕੁਝ ਸਾਲਾਂ ਤੋਂ ਜੂਝ ਰਿਹਾ ਹੈ। ਇਹ ਚੋਣਾਂ ਮੂਲ ਰੂਪ ਵਿਚ 2014 ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਤੋਂ ਬਾਅਦ 2015 ਵਿਚ ਹੋਣੀਆਂ ਸਨ ਪਰ ਕਮਜ਼ੋਰ ਸਰਕਾਰ ਦੌਰਾਨ ਸੁਰੱਖਿਆ ਕਾਰਨਾਂ ਅਤੇ ਸਾਜ਼ੋ ਸਾਮਾਨ ਨਾਲ ਜੁੜੀਆਂ ਹੋਰ ਮੁਸ਼ਕਲਾਂ ਕਾਰਨ ਇਨ੍ਹਾਂ ਨੂੰ ਟਾਲਿਆ ਜਾਂਦਾ ਰਿਹਾ। ਜੇਕਰ ਚੋਣਾਂ ਹੋਣਗੀਆਂ ਤਾਂ ਉਮੀਦਵਾਰ ਨੈਸ਼ਨਲ ਅਸੈਂਬਲੀ ਦੀ 249 ਸੀਟਾਂ ਲਈ ਆਪਣੀ ਕਿਸਮਤ ਅਜ਼ਮਾਉਣਗੇ। ਇਹ ਚੋਣਾਂ ਪੰਜ ਸਾਲਾਂ ਲਈ ਹੋਣਗੀਆਂ। ਇਸ ਦੇ ਨਾਲ ਹੀ ਪੂਰੇ ਅਫਗਾਨਿਸਤਾਨ ਵਿਚ 400 ਜ਼ਿਲਿਆਂ ਵਿਚ ਵੀ ਖੇਤਰੀ ਚੋਣਾਂ ਹੋਣਗੀਆਂ। ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕੁਝ ਜ਼ਿਲੇ ਕਾਬੁਲ ਦੇ ਕੰਟਰੋਲ ਤੋਂ ਬਾਹਰ ਹਨ। ਅਫਗਾਨਿਸਤਾਨ ਚੋਣ ਕਮਿਸ਼ਨ ਦੇ ਮੁਖੀ ਅਬਦੁਲ ਬਦੀ ਸਈਅਦ ਨੇ ਆਖਿਆ ਕਿ ਅਫਗਾਨਿਸਤਾਨ ਵਿਚ ਚੋਣਾਂ ਕਰਵਾਉਣਾ ਸੌਖਾ ਕੰਮ ਨਹੀਂ ਹੈ। ਉਮੀਦਵਾਰਾਂ ਦੇ ਨਾਂ ਦਾ ਰਸਮੀ ਐਲਾਨ ਹੋਣ ਤੋਂ ਪਹਿਲਾਂ ਵੋਟਰ ਮੱਧ ਅਪ੍ਰੈਲ ਤੱਕ ਰਜਿਸਟ੍ਰੇਸ਼ਨ ਕਾਰਡ ਲਈ ਅਪਲਾਈ ਕਰ ਸਕਦੇ ਹਨ। ਇਹ ਚੋਣਾਂ ਅਪ੍ਰੈਲ 2019 ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੋਣੀਆਂ ਹਨ। ਹਾਲਾਂਕਿ ਮੁਲਕ ਵਿਚ ਸੁਰੱਖਿਆ ਦੇ ਇੰਤਜ਼ਾਮਾਂ ਨੂੰ ਲੈ ਕੇ ਵੱਧ ਰਹੀਆਂ ਚਿੰਤਾਵਾਂ ਕਾਰਨ ਵਿਦੇਸ਼ੀ ਮਾਹਰਾਂ ਨੇ ਸਰਕਾਰ ਨੂੰ ਸਹੀ ਤਰੀਕੇ ਨਾਲ ਚੋਣਾਂ ਕਰਵਾਉਣ ਦੀਆਂ ਸਮਰੱਥਤਾਵਾਂ ਉੱਤੇ ਸ਼ੱਕ ਜਤਾਇਆ ਹੈ। ਚੋਣਾਂ ਦੇ ਐਲਾਨ ਮਗਰੋਂ ਸੰਯੁਕਤ ਰਾਸ਼ਟਰ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਪਰ ਸੱਦਾ ਦਿੱਤਾ ਹੈ ਕਿ ਇਸ ਕਾਰਵਾਈ ਵਿਚ ਸਾਰੇ ਅਫਗਾਨਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। 


Related News