ਭੋਗ 'ਤੇ ਵਿਸ਼ੇਸ਼ : ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਦੇ ਗਿਆ 'ਲੈਜੰਡ ਸਿੱਧੂ ਮੂਸੇਵਾਲਾ'
Tuesday, Jun 07, 2022 - 01:47 PM (IST)
ਰੋਮ (ਸਾਬੀ ਚੀਨੀਆ): 11 ਜੂਨ, 1993 ਨੂੰ ਮਾਨਸਾ ਦੇ ਛੋਟੇ ਜਿਹੇ ਪਿੰਡ ਮੂਸਾ ਵਿਚ ਸਿੱਧੂਆਂ ਦੇ ਘਰ ਜਨਮ ਲੈਣ ਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ 29 ਮਈ ਦੀ ਸ਼ਾਮ ਭਰੀ ਜਵਾਨੀ ਵਿਚ ਦੁਨੀਆ ਤੋਂ ਰੁਖਸਤ ਹੋ ਗਿਆ। ਆਪਣੇ 7-8 ਸਾਲ ਦੇ ਸੰਗੀਤਕ ਸਫਰ ਵਿਚ ਉਹ ਪੰਜਾਬੀ ਸੰਗੀਤ ਨੂੰ ਉਹਨਾਂ ਉਚਾਈਆਂ 'ਤੇ ਲੈ ਗਿਆ, ਜਿੱਥੇ ਹਰ ਪੰਜਾਬੀ ਅਤੇ ਭਾਰਤੀ ਉਸ ਦੇ ਤੁਰ ਜਾਣ ਮਗਰੋਂ ਸਿੱਧੂ ਮੂਸੇਵਾਲਾ 'ਤੇ ਫਖ਼ਰ ਤੇ ਮਾਣ ਮਹਿਸੂਸ ਕਰ ਰਿਹਾ ਹੈ। ਫ਼ੌਜੀ ਬਾਪ ਦੇ ਘਰ ਜਨਮ ਲੈਣ ਵਾਲੇ 6 ਫੁੱਟੇ ਪੰਜਾਬੀ ਗਾਇਕ ਦੀ ਮੌਤ ਦੀ ਖ਼ਬਰ ਨੇ ਜਿਵੇਂ ਦੁਨੀਆ ਹਿਲਾ ਕੇ ਰੱਖ ਦਿੱਤੀ ਹੋਵੇ। ਦੁਨੀਆ ਵਿਚ ਉਸਦੀ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਉਸ ਦੀ ਮੌਤ 'ਤੇ ਡੂੰਘਾ ਸੋਗ ਹੀ ਨਹੀ ਮਨਾਇਆ ਸਗੋ ਭੁੱਬਾਂ ਮਾਰ ਮਾਰ ਕੇ ਲੱਖਾਂ ਕਰੋੜਾਂ ਅੱਖਾਂ ਨੇ ਹੰਝੂ ਵੀ ਡੋਲੇ।
ਛੋਟੇ ਜਿਹੇ ਸੰਗੀਤਕ ਸਫ਼ਰ ਦੌਰਾਨ ਉਸ ਦੀਆਂ ਆਲੋਚਨਾਵਾਂ ਵੀ ਹੁੰਦੀਆਂ ਰਹੀਆਂ ਪਰ ਉਹ ਬਿਨਾਂ ਕਿਸੇ ਗੱਲ ਦੀ ਪ੍ਰਵਾਹ ਕੀਤੇ ਆਪਣੇ ਕੰਮ ਨਾਲ ਹੋਰ ਤੋਂ ਹੋਰ ਅੱਗੇ ਵਧਦਾ ਰਿਹਾ। ਲੋਕਾਂ ਨੂੰ ਉਸ ਦੀ ਕਾਬਲੀਅਤ ਅਤੇ ਸ਼ਖਸੀਅਤ ਬਾਰੇ ਉਸਦੇ ਜਹਾਨ ਤੋਂ ਤੁਰ ਜਾਣ ਮਗਰੋ ਪਤਾ ਲੱਗਿਆ। ਸਿੱਧੂ ਨੂੰ ਚਾਹੁਣ ਵਾਲੇ ਦੁਨੀਆ ਦੇ ਹਰ ਦੇਸ਼ ਵਿਚ ਵੱਸਦੇ ਹਨ। ਉਸ ਦੀ ਮੌਤ 'ਤੇ ਅਮਰੀਕਾ, ਕੈਨੇਡਾ ਸਮੇਤ ਵਿਸ਼ਵ ਪ੍ਰਸਿੱਧ ਗਾਇਕਾਂ ਤੇ ਰੈਪਰਾਂ ਨੇ ਅਥਾਹ ਹੰਝੂ ਵਹਾਏ ਤੇ ਉਸਨੂੰ ਉਸੇ ਦੇ ਤਰੀਕੇ ਪੱਟਾਂ 'ਤੇ ਥਾਪੀਆਂ ਮਾਰ ਮਾਰਕੇ ਸ਼ਰਧਾਂਜਲੀ ਵੀ ਦਿੱਤੀ। ਅਸੀ ਸਾਰਿਆਂ ਨੇ ਕਬੱਡੀ ਦੀਆਂ ਗਰਾਊਂਡਾਂ ਵਿਚ ਖਿਡਾਰੀਆਂ ਨੂੰ ਅਕਸਰ ਪੱਟਾਂ 'ਤੇ ਹੱਥ ਮਾਰਕੇ ਥਾਪੀ ਮਾਰਦੇ ਵੇਖਿਆ ਸੀ ਪਰ ਦੁਨੀਆ ਦੇ ਇਤਿਹਾਸ ਵਿਚ ਪਹਿਲਾ ਅਜਿਹਾ ਸਿੰਗਰ ਸਿੱਧੂ ਮੂਸੇਵਾਲਾ ਹੀ ਸੀ, ਜਿਸਨੇ ਸਟੇਜ ਉਪਰ ਥਾਪੀ ਮਾਰਕੇ ਪੰਜਾਬੀਆਂ ਦੀ ਚੜ੍ਹਤ ਤੇ ਜੋਸ਼ੀਲੇਪਨ ਦੀ ਹਮਾਇਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਣਿਆ ਸਪੈਸ਼ਲ ਚੱਕਰਵਿਊ, ਟਾਰਗੈੱਟ ’ਤੇ ਵੱਡੇ-ਵੱਡੇ ਗੈਂਗਸਟਰ
ਜਦ ਸਿੱਧੂ ਦੀ ਅਰਥੀ ਅੰਤਿਮ ਸੰਸਕਾਰ ਲਈ ਜਾ ਰਹੀ ਸੀ ਤੇ ਉਸਦੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਆਏ ਸੰਗੀਤ ਸਰੋਤਿਆਂ ਤੇ ਉਸਦੇ ਚਾਹੁਣ ਵਾਲਿਆਂ ਦੇ ਇਕੱਠ ਨੂੰ ਵੇਖਕੇ ਸਿੱਧੂ ਵਾਂਗ ਪੱਟਾਂ 'ਤੇ ਹੱਥ ਮਾਰਕੇ ਆਪਣੇ ਪੁੱਤ ਨੂੰ ਅੰਤਿਮ ਵਿਦਾਇਗੀ ਦਿੱਤੀ ਅਤੇ ਸਿਰ ਤੋਂ ਦਸਤਾਰ ਲਾਹ ਕੇ ਲੋਕਾਂ ਦਾ ਧੰਨਵਾਦ ਵੀ ਕੀਤਾ ਜੋ ਔਖੀ ਘੜੀ ਵਿਚ ਆਪਣੇ ਪਸੰਦੀਦ ਗਾਇਕ ਦੇ ਪਰਿਵਾਰ ਨਾਲ ਖੜ੍ਹੇ ਹੋਏ ਸਿੱਧੂ ਨੌਜਵਾਨਾਂ ਲਈ ਇਕ ਰੋਲ ਮਾਡਲ ਸੀ, ਜੋ ਜਿਨ੍ਹਾਂ ਉਚਾਈਆਂ ਵੱਲੋਂ ਵੱਧਦਾ ਗਿਆ ਓਨਾ ਹੀ ਧਰਤੀ ਨਾਲ ਜੁੜਦਾ ਗਿਆ। ਨਹੀ ਤਾਂ ਇਸ ਮੁਕਾਮ 'ਤੇ ਪਹੁੰਚ ਕਿ ਕੌਣ ਕੈਨੇਡਾ ਵਰਗੇ ਦੇਸ਼ ਛੱਡਕੇ ਪਿੰਡ ਮੁੜਦਾ ਤੇ ਲੋਕਾਂ ਨਾਲ ਟਰੈਕਟਰ ਦੇ ਬੈਠਾ ਫੋਟੋਆਂ ਖਿਚਵਾਉਂਦਾ ਤੇ ਖੇਤਾਂ ਵਿਚ ਕੰਮ ਕਰਦਾ ਹੈ। ਆਪਣੇ ਇਲਾਕੇ ਦੀ ਗੱਲ ਕਰਦਿਆਂ ਆਪਣੇ ਆਪ ਨੂੰ 'ਟਿੱਬਿਆਂ ਦਾ ਪੁੱਤ' ਕਹਿੰਦਾ ਰਿਹਾ ਪਰ ਅਸਲ ਉਹ ਇਕੱਲੇ ਮਾਨਸਾ ਵਾਲਿਆਂ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਪੁੱਤ ਸੀ। ਜੋ ਕੁਝ ਗਲਤ ਅਨਸਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਕੇ ਹਮੇਸ਼ਾ ਲਈ ਇਸ ਦੁਨੀਆ ਤੋਂ ਚਲਾ ਗਿਆ।
ਸਿੱਧੂ ਪੰਜਾਬ ਦਾ ਇਕ ਅਣਖੀਲਾ ਪੁੱਤ ਸੀ, ਜਿਸਨੇ ਆਪਣੇ ਕਿੱਤੇ ਦੇ ਨਾਲ ਨਾਲ ਆਪਣੀ ਸਰਦਾਰੀ ਅਤੇ ਦਸਤਾਰ ਨੂੰ ਵੀ ਸੰਭਾਲ ਕੇ ਰੱਖਿਆ ਅਤੇ ਦਸਤਾਰ ਦਾ ਮਾਣ ਪੂਰੀ ਦੁਨੀਆ ਵਿਚ ਵਧਾਇਆ। ਉਹ ਲੋਕ ਦਿਲਾਂ ਵਿਚ ਹਮੇਸ਼ਾ ਜਿਊਂਦਾ ਰਹੂਗਾ ਤੇ ਸੰਗੀਤ ਜਗਤ ਵਿਚ ਇਸ "ਲੈਜੰਡ ਟਾਰਬੀਨੇਟਰ, ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।