ਕੈਨੇਡਾ 'ਚ ਸਰਗਰਮ ਹੋਇਆ ਲਾਰੈਂਸ ਗੈਂਗ! 100 ਤੋਂ ਵੱਧ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ, ਦਹਿਸ਼ਤ ਦਾ ਮਾਹੌਲ

Monday, Dec 11, 2023 - 01:02 PM (IST)

ਕੈਨੇਡਾ 'ਚ ਸਰਗਰਮ ਹੋਇਆ ਲਾਰੈਂਸ ਗੈਂਗ! 100 ਤੋਂ ਵੱਧ ਕਾਰੋਬਾਰੀਆਂ ਤੋਂ ਮੰਗੀ ਫਿਰੌਤੀ, ਦਹਿਸ਼ਤ ਦਾ ਮਾਹੌਲ

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਲੋਅਰ ਮੇਨਲੈਂਡ ਵਿੱਚ ਦਰਜਨਾਂ ਉੱਦਮੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਬਰੀ ਵਸੂਲੀ ਦੀ ਮੰਗ ਜਾ ਰਹੀ ਹੈ। ਇਹਨਾਂ ਜਬਰੀ ਵਸੂਲੀ ਪੱਤਰਾਂ ਦੀਆਂ ਰਿਪੋਰਟਾਂ ਦੇ ਵਿਚਕਾਰ ਹੁਣ ਵਧੇਰੇ ਪੁਲਸ ਕਾਰਵਾਈ ਲਈ ਦਬਾਅ ਵਧ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੱਤਰ ਇੱਕ "ਭਾਰਤੀ ਗਿਰੋਹ" ਵੱਲੋਂ ਭੇਜੇ ਗਏ ਹਨ ਅਤੇ ਇਹਨਾਂ ਵਿਚ 2 ਮਿਲੀਅਨ ਡਾਲਰ ਦੀ ਮੰਗ ਕੀਤੀ ਗਈ ਹੈ। ਪ੍ਰਾਪਤਕਰਤਾਵਾਂ ਨੂੰ ਜਵਾਬੀ ਕਾਰਵਾਈ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਅਤੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਪੁਲਸ ਕੋਲ ਜਾਂਦੇ ਹਨ ਤਾਂ ਅਗਲੀ ਵਾਰ ਕੋਈ "ਹੋਰ ਕੋਈ ਪੱਤਰ ਨਹੀਂ ਸਿਰਫ਼ ਗੋਲੀ ਹੋਵੇਗੀ।"

ਗਲੋਬਲ ਨਿਊਜ਼ ਨੇ ਫਰੇਜ਼ਰ ਵੈਲੀ ਦੇ ਇੱਕ ਕਾਰੋਬਾਰੀ ਮਾਲਕ ਨਾਲ ਗੱਲ ਕੀਤੀ, ਜਿਸਨੇ ਦੱਸਿਆ ਕਿ ਉਸਨੂੰ ਉਸਦੇ ਘਰ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਉਹੀ ਧਮਕੀ ਮਿਲੀ ਸੀ। ਉਸਨੇ ਕਿਹਾ,“ਉਨ੍ਹਾਂ ਨੇ ਮੇਰੇ ਘਰ 'ਤੇ ਗੋਲੀਬਾਰੀ ਕੀਤੀ ਗਈ, ਜਦੋਂ ਮੇਰੇ ਬੱਚੇ, ਮੇਰੀ ਪਤਨੀ, ਮੇਰੇ ਮਾਂ-ਪਿਓ ਸਾਰੇ ਸੌਂ ਰਹੇ ਸਨ”। ਕਾਰੋਬਾਰੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। 

PunjabKesari

ਵੀਰਵਾਰ ਸ਼ਾਮ ਨੂੰ BC RCMP ਨੇ ਕਿਹਾ ਕਿ ਉਹ ਧਮਕੀਆਂ ਤੋਂ ਜਾਣੂ ਸਨ ਅਤੇ ਪਹਿਲੀ ਵਾਰ ਗੋਲੀਬਾਰੀ ਅਤੇ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਵਿਚਕਾਰ ਸਬੰਧ ਦੀ ਪੁਸ਼ਟੀ ਕੀਤੀ। ਮਾਊਂਟੀਜ਼ ਨੇ ਕਿਹਾ,"RCMP ਅਤੇ ਐਬਟਸਫੋਰਡ ਪੁਲਸ ਵਿਭਾਗ ਦਾ ਮੰਨਣਾ ਹੈ ਕਿ ਇਹ ਘਟਨਾਵਾਂ ਜੁੜੀਆਂ ਹੋ ਸਕਦੀਆਂ ਹਨ ਅਤੇ ਇਹਨਾਂ ਮਾਮਲਿਆਂ ਦੀ ਜਾਂਚ ਨੂੰ ਅੱਗੇ ਵਧਾਉਣ ਅਤੇ ਤਾਲਮੇਲ ਕਰਨ ਲਈ ਸਾਂਝੇਦਾਰੀ ਵਿੱਚ ਕੰਮ ਕਰ ਰਹੀਆਂ ਹਨ"। 

ਏਸ਼ੀਆਈ ਭਾਈਚਾਰੇ 'ਚ ਡਰ ਦਾ ਮਾਹੌਲ

ਉੱਧਰ ਇਕ ਸਥਾਨਕ ਪੱਤਰਕਾਰ ਨੇ ਦੱਸਿਆ ਕਿ ਧਮਕੀਆਂ ਨੇ ਦੱਖਣ ਏਸ਼ੀਆਈ ਭਾਈਚਾਰੇ ਅਤੇ ਇਸ ਤੋਂ ਬਾਹਰ ਦੇ ਲੋਕਾਂ ਵਿੱਚ ਡਰ ਪੈਦਾ ਕਰ ਦਿੱਤਾ ਹੈ। ਉਸਨੇ ਕਿਹਾ,“ਕੁਝ ਚੀਨੀ ਕਾਰੋਬਾਰੀ ਹਨ, ਜਿਨ੍ਹਾਂ ਨੂੰ ਕਾਲਾਂ ਜਾਂ ਪੱਤਰ ਭੇਜੇ ਗਏ ਹਨ। ਇਹ ਸਿਰਫ ਇੱਕ ਭਾਈਚਾਰੇ ਤੱਕ ਸੀਮਤ ਨਹੀਂ ਹੈ”। ਪੱਤਰਕਾਰ ਨੇ ਕਿਹਾ ਕਿ ਉਸਨੇ ਐਬਟਸਫੋਰਡ, ਲੈਂਗਲੇ ਅਤੇ ਸਰੀ ਵਿੱਚ ਕਾਰੋਬਾਰਾਂ ਨੂੰ ਭੇਜੇ ਗਏ ਅਜਿਹੇ 100 ਤੱਕ ਜਬਰੀ ਵਸੂਲੀ ਪੱਤਰਾਂ ਬਾਰੇ ਸੁਣਿਆ ਹੈ। 

 PunjabKesari

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਮੂਲ ਦੇ ਗੈਂਗਸਟਰ ਜੋਸ਼ਪਾਲ ਸਿੰਘ 'ਤੇ ਯੂ.ਕੇ 'ਚ ਵੱਡੀ ਕਾਰਵਾਈ, ਸੁਣਾਈ ਗਈ ਸਜ਼ਾ

ਐਬਟਸਫੋਰਡ ਪੁਲਸ ਮੀਮੋ ਵਿੱਚ ਜਾਂਚਕਰਤਾਵਾਂ ਨੇ ਕਿਹਾ ਕਿ ਉਹ ਮੰਨਦੇ ਹਨ ਕਿ ਸ਼ੱਕੀ ਭਾਰਤ ਵਿੱਚ ਸਥਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਸਨ। ਉਸੇ ਸੰਗਠਨ ਨੇ ਕਥਿਤ ਤੌਰ 'ਤੇ 2022 ਵਿੱਚ ਓਂਟਾਰੀਓ ਵਿੱਚ ਜੜ੍ਹਾਂ ਰੱਖਣ ਵਾਲੇ ਪੰਜਾਬੀ ਰੈਪਰ ਸਿੱਧੂ ਮੂਸੇ ਵਾਲਾ ਅਤੇ ਸਤੰਬਰ ਵਿੱਚ ਵਿਨੀਪੈਗ ਵਿੱਚ ਸੁਖਦੂਲ ਸਿੰਘ ਗਿੱਲ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਸੀ। ਪੱਤਰਕਾਰ ਨੇ ਕਿਹਾ,“ਇਹ ਗਿਰੋਹ ਬਹੁਤ ਖਤਰਨਾਕ ਹੈ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਕਈ ਲੋਕਾਂ ਨੂੰ ਮਾਰਿਆ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਕੈਨੇਡਾ ਦੀ ਧਰਤੀ 'ਤੇ ਵਿਨੀਪੈਗ ਵਿੱਚ ਕਿਸੇ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਹੈ”। ਜਨਤਕ ਸੁਰੱਖਿਆ ਮੰਤਰੀ ਮਾਈਕ ਫਾਰਨਵਰਥ ਨੇ ਦੱਸਿਆ ਕਿ ਪੁਲਸ ਧਮਕੀਆਂ ਨੂੰ “ਬਹੁਤ ਗੰਭੀਰਤਾ ਨਾਲ” ਲੈ ਰਹੀ ਹੈ। ਜਾਂਚਕਰਤਾਵਾਂ ਨੇ ਕਿਸੇ ਵੀ ਵਿਅਕਤੀ ਨੂੰ ਜਬਰਨ ਵਸੂਲੀ ਪੱਤਰ, ਟੈਕਸਟ ਜਾਂ ਕਾਲ ਪ੍ਰਾਪਤ ਕਰਨ 'ਤੇ ਉਨ੍ਹਾਂ ਨਾਲ ਨਾ ਜੁੜਨ, ਕੋਈ ਪੈਸਾ ਨਾ ਭੇਜਣ ਅਤੇ ਤੁਰੰਤ ਪੁਲਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News