SpaceX ਨੇ 8 ‘ਡਮੀ’ ਉਪਗ੍ਰਹਿ ਕੀਤੇ ਲਾਂਚ

Thursday, Aug 28, 2025 - 12:10 AM (IST)

SpaceX ਨੇ 8 ‘ਡਮੀ’ ਉਪਗ੍ਰਹਿ ਕੀਤੇ ਲਾਂਚ

ਵਾਸ਼ਿੰਗਟਨ, (ਭਾਸ਼ਾ)– ਨਿੱਜੀ ਪੁਲਾੜ ਕੰਪਨੀ ‘ਸਪੇਸਐਕਸ’ ਨੇ ਮੰਗਲਵਾਰ ਰਾਤ ਆਪਣੇ ਵਿਸ਼ਾਲ ਰਾਕੇਟ ‘ਸਟਾਰਸ਼ਿਪ’ ਦਾ ਇਕ ਨਵਾਂ ਟੈਸਟ ਕੀਤਾ ਅਤੇ ਪਹਿਲੀ ਵਾਰ ਇਕ ਟੈਸਟ ਪੇਲੋਡ- 8 ਡਮੀ ਉਪਗ੍ਰਹਿਾਂ ਨੂੰ ਪੁਲਾੜ ਵਿਚ ਸਫਲਤਾਪੂਰਵਕ ਤਾਇਨਾਤ ਕੀਤਾ। ਯੋਜਨਾ ਅਨੁਸਾਰ ਲੱਗਭਗ ਇਕ ਘੰਟੇ ਤਕ ਪੁਲਾੜ ’ਚ ਘੁੰਮਣ ਤੋਂ ਬਾਅਦ ਸਟਾਰਸ਼ਿਪ ਹਿੰਦ ਮਹਾਸਾਗਰ ’ਚ ਉਤਰਿਆ।

ਸਟਾਰਸ਼ਿਪ ਨੇ ਸ਼ਾਮ 6.30 ਵਜੇ ਦੱਖਣੀ ਟੈਕਸਾਸ ਵਿਚ ਸਪੇਸਐਕਸ ਦੀ ਲਾਂਚਿੰਗ ਸਾਈਟ ‘ਸਟਾਰਬੇਸ’ ਤੋਂ ਉਡਾਣ ਭਰੀ। ਇਹ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਦਾ 10ਵਾਂ ਟੈਸਟ ਸੀ, ਜਿਸ ਨੂੰ ਸਪੇਸਐਕਸ ਅਤੇ ਨਾਸਾ (ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਨਿਸਟ੍ਰੇਸ਼ਨ) ਪੁਲਾੜ ਯਾਤਰੀਆਂ ਨੂੰ ਚੰਦਰਮਾ ’ਤੇ ਵਾਪਸ ਲਿਆਉਣ ਲਈ ਵਰਤਣਾ ਚਾਹੁੰਦੇ ਹਨ। ਨਾਸਾ ਨੇ ਇਸ ਦਹਾਕੇ ਦੇ ਅੰਤ ਤੱਕ ਚੰਦਰਮਾ ’ਤੇ ਪੁਲਾੜ ਯਾਤਰੀਆਂ ਨੂੰ ਭੇਜਣ ਲਈ ਸਪੇਸਐਕਸ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ।

ਸਪੇਸਐਕਸ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐਲਨ ਮਸਕ ਦਾ ਅੰਤਿਮ ਟੀਚਾ ਮੰਗਲ ਗ੍ਰਹਿ ’ਤੇ ਪਹੁੰਚਣਾ ਹੈ। ਇਸ ‘ਡੈਮੋ’ ਲਾਂਚ ’ਚ ਕੋਈ ਵੀ ਚਾਲਕ ਦਲ ਦਾ ਮੈਂਬਰ ਮੌਜੂਦ ਨਹੀਂ ਸੀ।


author

Rakesh

Content Editor

Related News