ਲੰਡਨ: ਬਲਵੰਤ ਸਿੰਘ ਗਿੱਲ (ਕੋਕਰੀ ਵਾਲੇ) ਨਮਿਤ ਅੰਤਿਮ ਅਰਦਾਸ ਸਾਊਥਾਲ ਵਿਖੇ ਹੋਈ
Thursday, Dec 02, 2021 - 11:32 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਪਿੰਕ ਸਿਟੀ ਹੇਜ਼ ਦੇ ਮਾਲਕ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਪਿਤਾ ਸ੍ਰ. ਬਲਵੰਤ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦਾ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਹੋਇਆ। ਜਿਸ ਦੌਰਾਨ ਦੂਰ ਦਰਾਡੇ ਤੋਂ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਵਿੱਚ ਸ਼ਮੂਲੀਅਤ ਕੀਤੀ। ਗੁਰਦੁਆਰਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ ਸਾਊਥਾਲ ਈਲਿੰਗ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ ਨੇ ਆਪਣੇ ਸੰਬੋਧਨ ਦੌਰਾਨ ਬਲਵੰਤ ਸਿੰਘ ਗਿੱਲ ਨੂੰ ਅਸਲ ਕਰਮਯੋਗੀ ਦੱਸਦਿਆਂ ਉਨ੍ਹਾਂ ਦੀ ਸਖਸ਼ੀਅਤ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਉਪਰੰਤ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਮੌਜੂਦਾ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ, ਸਾਬਕਾ ਪ੍ਰਧਾਨ ਹਿੰਮਤ ਸਿੰਘ ਸੋਹੀ, ਸਟੇਜ ਸਕੱਤਰ ਕੁਲਵੰਤ ਸਿੰਘ ਭਿੰਡਰ, ਗੁਰਦੇਵ ਸਿੰਘ ਬਰਾੜ ਵੱਲੋਂ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਬੁਲਾਰਿਆਂ ਨੇ ਕਿਹਾ ਕਿ ਬਲਵੰਤ ਸਿੰਘ ਗਿੱਲ ਨੇ ਜਿੱਥੇ ਸਮਾਜਸੇਵੀ ਕੰਮਾਂ ਵਿੱਚ ਸਮੇਂ-ਸਮੇਂ 'ਤੇ ਵਡਮੁੱਲਾ ਯੋਗਦਾਨ ਪਾਇਆ, ਉੱਥੇ ਉਹ ਆਪਣੇ ਸਮੇਂ ਦੇ ਉੱਘੇ ਕਬੱਡੀ ਖਿਡਾਰੀ ਵੀ ਰਹੇ ਸਨ। ਸਖ਼ਤ ਮਿਹਨਤ ਕਰਨਾ ਉਨ੍ਹਾਂ ਦੇ ਸੁਭਾਅ ਦਾ ਅੰਗ ਸੀ, ਇਹੀ ਵਜ੍ਹਾ ਹੈ ਕਿ ਸਮੁੱਚਾ ਪਰਿਵਾਰ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਕਾਰੋਬਾਰਾਂ ਵਿੱਚ ਸਫਲਤਾ ਦੇ ਮੁਕਾਮ 'ਤੇ ਹੈ। ਸ਼ਰਧਾਂਜਲੀ ਸਮਾਗਮ ਦੌਰਾਨ ਬਲਜੀਤ ਸਿੰਘ ਮੱਲ੍ਹੀ, ਤਲਵਿੰਦਰ ਸਿੰਘ ਢਿੱਲੋਂ, ਅਜੈਬ ਸਿੰਘ ਪੁਆਰ, ਨਛੱਤਰ ਸਿੰਘ ਬਰਾੜ, ਬਲਦੇਵ ਸਿੰਘ ਗਿੱਲ, ਸੋਹਣ ਸਿੰਘ ਸਮਰਾ, ਹਰਜੀਤ ਸਿੰਘ ਸਮਰਾ, ਹਰਜੀਤ ਸਿੰਘ ਵਟਫੋਰਡ, ਜਗਦੀਸ਼ ਸਿੰਘ ਜੌਹਲ, ਗੁਰੂ ਜੌਹਲ ਸਮੇਤ ਭਾਰੀ ਗਿਣਤੀ ਵਿੱਚ ਭਾਈਚਾਰੇ ਦੇ ਲੋਕ ਹਾਜ਼ਰ ਸਨ। ਅਖੀਰ ਵਿੱਚ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਵੱਲੋਂ ਕੌਂਸਲਰ ਰਾਜੂ ਸੰਸਾਰਪੁਰੀ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।