ਲਸ਼ਕਰ ਨੇ ਕਬੂਲਿਆ ਸੱਚ, ਆਪ੍ਰੇਸ਼ਨ ਸਿੰਧੂਰ ਨੂੰ ਦੱਸਿਆ ਵੱਡਾ ਹਮਲਾ, ਕਿਹਾ- ਹੋਇਆ ਭਾਰੀ ਨੁਕਸਾਨ
Friday, Jan 16, 2026 - 04:38 PM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (LeT) ਦੇ ਕਮਾਂਡਰ ਹਾਫਿਜ਼ ਅਬਦੁਰ ਰਊਫ਼ ਨੇ ਕਬੂਲ ਕੀਤਾ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿਚ ਭਾਰਤ ਵੱਲੋਂ ਕੀਤੇ ਗਏ ਆਪ੍ਰੇਸ਼ਨ ਸਿੰਧੂਰ ਨੇ ਇਕ ਸਖ਼ਤ ਸੁਨੇਹਾ ਦਿੱਤਾ, ਜਦੋਂ 6 ਅਤੇ 7 ਮਈ ਦੀ ਦਰਮਿਆਨੀ ਰਾਤ ਨੂੰ ਅੱਤਵਾਦੀ ਸਮੂਹ ਦਾ ਮੁਰੀਦਕੇ ਸਥਿਤ ਹੈੱਡਕੁਆਰਟਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਸੀ।
ਸਰਹੱਦ ਪਾਰ ਦੇ ਸੂਤਰਾਂ ਅਨੁਸਾਰ, ਹਾਲ ਹੀ ਵਿਚ ਪਾਕਿਸਤਾਨ ’ਚ ਇਕ ਸਭਾ ਨੂੰ ਸੰਬੋਧਨ ਕਰਦਿਆਂ ਰਊਫ਼ ਨੇ ਆਪ੍ਰੇਸ਼ਨ ਸਿੰਧੂਰ ਨੂੰ ਇਕ ਵੱਡਾ ਹਮਲਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਪਾਕਿਸਤਾਨੀ ਸਰਕਾਰ ਹੈਰਾਨ ਰਹਿ ਗਈ ਸੀ ਪਰ ਉਹ ਕਿਸੇ ਤਰ੍ਹਾਂ ਅੱਲ੍ਹਾ ਦੀ ਮਿਹਰ ਨਾਲ ਬਚ ਗਏ। ਜ਼ਿਕਰਯੋਗ ਹੈ ਕਿ ਭਾਰਤ ਨੇ ਇਹ ਕਾਰਵਾਈ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਕੀਤੀ ਸੀ, ਜੋ ਕਿ ਰਣਨੀਤਕ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ।
