ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ; 500 ਤੋਂ ਪਾਰ ਹੋਇਆ AQI, ਹਾਈ ਅਲਰਟ ਜਾਰੀ

Tuesday, Oct 28, 2025 - 04:53 PM (IST)

ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ; 500 ਤੋਂ ਪਾਰ ਹੋਇਆ AQI, ਹਾਈ ਅਲਰਟ ਜਾਰੀ

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਸੋਮਵਾਰ, 28 ਅਕਤੂਬਰ, 2025 ਨੂੰ ਫਿਰ ਇੱਕ ਵਾਰ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸ਼ਹਿਰ ਜ਼ਹਿਰੀਲੀ ਧੁੰਦ (ਸਮੌਗ) ਦੀ ਲਪੇਟ ਵਿੱਚ ਆ ਗਿਆ, ਜਿਸ ਕਾਰਨ ਕਈ ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 500 ਤੋਂ ਪਾਰ ਪਹੁੰਚ ਗਿਆ। ਰੀਅਲ-ਟਾਈਮ ਏਅਰ ਕੁਆਲਿਟੀ ਡਾਟਾ ਮੁਤਾਬਕ, ਲਾਹੌਰ ਦਾ ਔਸਤ AQI 312 ਤੱਕ ਦਰਜ ਕੀਤਾ ਗਿਆ, ਜੋ ਕਿ ਵਿਸ਼ਵ ਸਿਹਤ ਸੰਗਠਨ (WHO) ਦੇ ਮਾਪਦੰਡਾਂ ਨਾਲੋਂ 25 ਗੁਣਾ ਵੱਧ ਖਤਰਨਾਕ ਪੱਧਰ ਹੈ।

ਕੁਝ ਖਾਸ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਭਿਆਨਕ ਦਰਜ ਕੀਤਾ ਗਿਆ ਹੈ। ਸਿਟੀ ਸਕੂਲ, ਅੱਲਾਮਾ ਇਕਬਾਲ ਟਾਊਨ ਵਿੱਚ AQI 505 ਅਤੇ ਫੌਜੀ ਫਰਟੀਲਾਈਜ਼ਰ ਪਾਕਿਸਤਾਨ ਵਿੱਚ AQI 525 ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ, ਸਿਟੀ ਸਕੂਲ ਸ਼ਾਲੀਮਾਰ ਕੈਂਪਸ ਵਿੱਚ ਵੀ AQI 366 ਦਰਜ ਕੀਤਾ ਗਿਆ। ਪ੍ਰਦੂਸ਼ਣ ਦੇ ਇਹ ਸਾਰੇ ਦਰਜ ਕੀਤੇ ਗਏ ਪੱਧਰ 'ਸਿਹਤ ਐਮਰਜੈਂਸੀ' (Health Emergency) ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਸਾਰੇ ਸਵਾਰਾਂ ਦੀ ਹੋਈ ਮੌਤ

ਇਸ ਗੰਭੀਰ ਸਥਿਤੀ ਦੇ ਮੱਦੇਨਜ਼ਰ, ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਹਾਈ ਅਲਰਟ ਐਲਾਨਿਆ ਹੋਇਆ ਹੈ। ਸਰਕਾਰ ਨੇ ਨਾਗਰਿਕਾਂ ਨੂੰ ਖਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ ਅਤੇ ਦਮੇ (ਅਸਥਮਾ) ਦੇ ਮਰੀਜ਼ਾਂ ਨੂੰ ਸੁਰੱਖਿਆ ਲਈ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਹੈ। ਵਾਤਾਵਰਣ ਮਾਹਰਾਂ ਦਾ ਕਹਿਣਾ ਹੈ ਕਿ ਇਹ ਸੰਕਟ ਹੁਣ ਹਰ ਸਾਲ ਦੀ ਤ੍ਰਾਸਦੀ ਬਣ ਚੁੱਕਾ ਹੈ ਅਤੇ ਇਸ ਵਾਰ ਪ੍ਰਦੂਸ਼ਣ ਦਾ ਮੌਸਮ ਕਾਫੀ ਭਿਆਨਕ ਰੂਪ ਵਿੱਚ ਸ਼ੁਰੂ ਹੋਇਆ ਹੈ।

ਲਾਹੌਰ ਤੋਂ ਇਲਾਵਾ ਪਾਕਿਸਤਾਨ ਦੇ ਹੋਰ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਹੈ, ਜਿਨ੍ਹਾਂ ਵਿੱਚ ਫੈਸਲਾਬਾਦ (AQI 439) ਅਤੇ ਮੁਲਤਾਨ (AQI 438) ਸ਼ਾਮਲ ਹਨ। ਗੁਜਰਾਂਵਾਲਾ, ਬਹਾਵਲਪੁਰ ਅਤੇ ਸਿਆਲਕੋਟ ਵਰਗੇ ਸ਼ਹਿਰਾਂ ਵਿੱਚ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਉੱਚਾ ਦੱਸਿਆ ਗਿਆ ਹੈ। ਆਲਮੀ ਦਰਜਾਬੰਦੀ ਵਿੱਚ, ਸੋਮਵਾਰ ਰਾਤ ਨੂੰ ਲਾਹੌਰ (AQI 272) ਨੇ ਭਾਰਤ ਦੇ ਦੋ ਵੱਡੇ ਸ਼ਹਿਰਾਂ ਦਿੱਲੀ (AQI 220) ਅਤੇ ਕੋਲਕਾਤਾ (AQI 170) ਨੂੰ ਪਿੱਛੇ ਛੱਡ ਕੇ, ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਜੋਂ ਆਪਣੀ ਜਗ੍ਹਾ ਬਣਾ ਲਈ ਹੈ।

ਮਾਹਿਰਾਂ ਅਨੁਸਾਰ ਪ੍ਰਦੂਸ਼ਣ ਦੇ ਇਸ ਹਾਲਾਤ ਦੇ ਮੁੱਖ ਕਾਰਨਾਂ ਵਿੱਚ ਵਾਹਨਾਂ ਤੋਂ ਨਿਕਲਣ ਵਾਲਾ ਧੂੰਆਂ, ਉਦਯੋਗਿਕ ਕੂੜਾ ਅਤੇ ਫਸਲਾਂ ਦੇ ਰਹਿੰਦ-ਖੂੰਹਦ ਨੂੰ ਸਾੜਨਾ (Crop Burning) ਸ਼ਾਮਲ ਹਨ। ਇਸ ਤੋਂ ਇਲਾਵਾ, ਮੌਸਮ ਦੀਆਂ ਸਥਿਤੀਆਂ ਨੇ ਵੀ ਹਾਲਾਤ ਹੋਰ ਬਦਤਰ ਕਰ ਦਿੱਤੇ ਹਨ। ਸ਼ਾਂਤ ਹਵਾਵਾਂ ਅਤੇ 50 ਫ਼ੀਸਦੀ ਨਮੀ ਨੇ ਜ਼ਹਿਰੀਲੇ ਕਣਾਂ ਨੂੰ ਜ਼ਮੀਨ ਦੇ ਨੇੜੇ ਫਸਾ ਦਿੱਤਾ ਹੈ, ਜਿਸ ਨਾਲ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ ਹੈ।

ਇਹ ਵੀ ਪੜ੍ਹੋ- ਭਾਰਤ ਤੇ ਰੂਸ ਨੇ ਇਕ ਵਾਰ ਫ਼ਿਰ ਮਿਲਾਇਆ 'ਹੱਥ ' ! ਮਾਸਕੋ 'ਚ ਇਤਿਹਾਸਕ ਡੀਲ 'ਤੇ ਹੋਏ ਦਸਤਖ਼ਤ


author

Harpreet SIngh

Content Editor

Related News