ਲਾਹੌਰ ਕਾਲਜ ਪ੍ਰਦਰਸ਼ਨ: ਪੁਲਸ ਨਾਲ ਝੜਪ ''ਚ 28 ਵਿਦਿਆਰਥੀ ਜ਼ਖ਼ਮੀ, ਜਾਣੋ ਮਾਮਲਾ

Monday, Oct 14, 2024 - 11:55 PM (IST)

ਲਾਹੌਰ — ਲਾਹੌਰ ਦੇ ਇਕ ਮਸ਼ਹੂਰ ਪ੍ਰਾਈਵੇਟ ਕਾਲਜ ਦੇ ਕੈਂਪਸ 'ਚ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦੀ ਪੁਲਸ ਨਾਲ ਝੜਪ 'ਚ ਵੱਖ-ਵੱਖ ਕੈਂਪਸ ਦੇ ਲੜਕੀਆਂ ਸਮੇਤ ਘੱਟੋ-ਘੱਟ 28 ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਲਾਹੌਰ ਦੇ ਗੁਲਬਰਗ ਗਰਲਜ਼ ਕੈਂਪਸ ਵਿੱਚ ਇੱਕ ਸੁਰੱਖਿਆ ਗਾਰਡ ਵੱਲੋਂ ਇੱਕ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਦੀ ਖ਼ਬਰ ਤੋਂ ਬਾਅਦ ਸੋਮਵਾਰ ਸਵੇਰੇ ‘ਪੰਜਾਬ ਗਰੁੱਪ ਆਫ਼ ਕਾਲਜਿਜ਼’ ਦੇ ਘੱਟੋ-ਘੱਟ ਚਾਰ ਕੈਂਪਸਾਂ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ।

ਦੁਨੀਆ ਮੀਡੀਆ ਗਰੁੱਪ ਦੀ ਮਲਕੀਅਤ ਵਾਲੇ 'ਪੰਜਾਬ ਗਰੁੱਪ ਆਫ਼ ਕਾਲਜਿਜ਼' ਦੇ ਵੱਖ-ਵੱਖ ਕੈਂਪਸਾਂ ਵਿੱਚ ਹੋਏ ਮੁਜ਼ਾਹਰੇ ਵਿੱਚ ਲੜਕੇ ਅਤੇ ਲੜਕੀਆਂ ਨੇ ਹਿੱਸਾ ਲਿਆ। ਇਸ ਘਟਨਾ ਦੀ ਖਬਰ ਸੋਸ਼ਲ ਮੀਡੀਆ 'ਤੇ ਫੈਲਦੇ ਹੀ ਵੱਖ-ਵੱਖ ਕੈਂਪਸ ਦੇ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ 'ਤੇ ਮਾਮਲੇ 'ਚ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥਣਾਂ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਫਰਨੀਚਰ ਨੂੰ ਅੱਗ ਲਗਾ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨ ਦੇ ਹਿੱਸੇ ਵਜੋਂ, ਵਿਦਿਆਰਥੀਆਂ ਨੇ ਸੜਕਾਂ ਜਾਮ ਕਰ ਦਿੱਤੀਆਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਪੁਲਸ ਨੇ ਲਾਠੀਚਾਰਜ ਕੀਤਾ। ਇਕ ਅਧਿਕਾਰੀ ਨੇ ਦੱਸਿਆ, ''ਝੜਪ ਦੌਰਾਨ ਲੜਕੀਆਂ ਸਮੇਤ ਘੱਟੋ-ਘੱਟ 28 ਵਿਦਿਆਰਥੀ ਜ਼ਖਮੀ ਹੋ ਗਏ। ਇਕ ਵਿਦਿਆਰਥੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।'' ਉਨ੍ਹਾਂ ਦੱਸਿਆ ਕਿ ਜ਼ਖਮੀ ਵਿਦਿਆਰਥੀਆਂ ਦਾ ਸਰਵਿਸਿਜ਼ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
 


Inder Prajapati

Content Editor

Related News