ਗਲਾਸਗੋ ''ਚ "ਮੇਲਾ ਬੀਬੀਆਂ ਦਾ" ਸਫਲਤਾਪੂਰਵਕ ਨੇਪਰੇ ਚੜ੍ਹਿਆ (ਤਸਵੀਰਾਂ)

Wednesday, Aug 07, 2024 - 10:40 AM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ‘ਮੇਲਾ ਬੀਬੀਆਂ ਦਾ’ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਯੂ.ਕੇ ਦੀ ਧਰਤੀ ‘ਤੇ ਹੁਣ ਤੱਕ ਦੇ ਪਹਿਲੇ ਈ-ਅਖਬਾਰ ‘ਪੰਜ ਦਰਿਆ’ ਦੀ ਟੀਮ ਵੱਲੋਂ ਕਰਵਾਏ ਇਸ ਸਮਾਗਮ ਦੌਰਾਨ ਸੈਂਕੜਿਆਂ ਦੀ ਤਦਾਦ ਵਿੱਚ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਦੀਆਂ ਪੰਜਾਬਣਾਂ ਅਤੇ ਹਰਿਆਣੇ ਨਾਲ ਸੰਬੰਧਿਤ ਪੰਜਾਬਣਾਂ ਵੱਲੋਂ ਨੱਚ-ਨੱਚ ਕੇ ਆਪਣੇ ਚਾਅ ਪੂਰੇ ਕੀਤੇ ਗਏ। 

PunjabKesari

ਸਮਾਗਮ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਚੈਰੀਟੇਬਲ ਟਰੱਸਟ ਦੇ ਸਰਗਰਮ ਸੇਵਾਦਾਰ ਗੁਰਮੇਲ ਸਿੰਘ ਧਾਮੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਰਿਬਨ ਕੱਟ ਕੇ ਕੀਤੀ ਗਈ। ਗੁਰਮੇਲ ਸਿੰਘ ਧਾਮੀ ਵੱਲੋਂ ਸਮੁੱਚੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕੀਤੀ ਗਈ। ਯੂ.ਕੇ ਦੀ ਪਹਿਲੀ ਔਰਤ ਰੋਬੋਟਿਕ ਇੰਜੀਨੀਅਰ ਮਰਿਦੁਲਾ ਚਕਰਬਰਤੀ ਵੱਲੋਂ ਵੀ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਉਨ੍ਹਾਂ ਬਾਰੇ ਲੇਖਿਕਾ ਸੁਮਿਤਾ ਰਾਏ ਵੱਲੋਂ ਲਿਖੀ ਅੰਗਰੇਜ਼ੀ ਕਿਤਾਬ ਟੈਕਨੋਕਰੀਏਟ ਟੂ ਹਿਊਮਨਟੇਰੀਅਨ ਨੂੰ ਵੀ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਸੱਭਿਆਚਾਰਕ ਪੇਸ਼ਕਾਰੀ ਦੇ ਤੌਰ ‘ਤੇ ਪੰਜਾਬ ਦੀਆਂ ਤੀਆਂ ਦਾ ਭੁਲੇਖਾ ਪਾਉਂਦੇ ਇਸ ਸਮਾਗਮ ਦੌਰਾਨ ਪੰਜਾਬਣਾਂ ਵੱਲੋਂ ਪਾਈਆਂ ਬੋਲੀਆਂ ਨੇ ਮਾਹੌਲ ਨੂੰ ਰੰਗੀਨ ਕਰ ਦਿੱਤਾ। ਬਲਜਿੰਦਰ ਕੌਰ ਸਰਾਏ, ਨਿਰਮਲ ਕੌਰ ਗਿੱਲ, ਰੋਜੀ ਬਮਰਾ, ਰਣਜੀਤ ਕੌਰ, ਕਮਲਜੀਤ ਕੌਰ, ਟਵਿੰਕਲ, ਕੁਲਜਿੰਦਰ ਕੌਰ ਸਹੋਤਾ, ਰੇਨੂੰ ਜੌਹਲ, ਸਵਰਨਜੀਤ ਕੌਰ, ਬਲਵਦਰ ਕੌਰ ਬਾਸੀ, ਸੰਤੋਸ਼ ਸੂਰਾ ਆਦਿ ਵੱਲੋਂ ਪਾਈਆਂ ਬੋਲੀਆਂ ਨੇ ਇਸ ਪ੍ਰੋਗਰਾਮ ਨੂੰ ਸਿਖਰਾਂ ‘ਤੇ ਪਹੁੰਚਾ ਦਿੱਤਾ। 

PunjabKesari

ਇਸ ਸਮੇਂ ਨਵਨੀਤ ਕੌਰ ਵੱਲੋਂ ‘ਅੱਖੀਆਂ ‘ਚ ਤੂੰ ਵੱਸਦਾ’ ਗੀਤ ਗਾ ਕੇ ਖੂਬ ਵਾਹ ਵਾਹ ਬਟੋਰੀ ਗਈ। ਪ੍ਰੋਗਰਾਮ ਦੌਰਾਨ ਮਹਿੰਦੀ ਲਗਾਉਣ, ਕੱਪੜਿਆਂ, ਗਹਿਣਿਆਂ, ਜੁੱਤੀਆਂ ਆਦਿ ਦੇ ਸਟਾਲਾਂ ‘ਤੇ ਵੀ ਰੌਣਕ ਰਹੀ। ਜਿਕਰਯੋਗ ਹੈ ਕਿ ਸਮਾਗਮ ਦੇ ਪ੍ਰਬੰਧਕ ਮਨਦੀਪ ਖੁਰਮੀ ਹਿੰਮਤਪੁਰਾ ਵੱਲੋਂ ਇਸ ਸਮਾਗਮ ਵਿੱਚ ਹਰ ਕਿਸੇ ਨੂੰ ਆਪਣੀ ਕਲਾ ਦਾ ਮੁਜ਼ਾਹਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਦੇ ਨਤੀਜੇ ਵਜੋਂ ਦੂਰੋਂ ਦੂਰੋਂ ਆਈਆਂ ਪੰਜਾਬਣਾਂ ਬਹੁਤ ਹੀ ਅਪਣੱਤ ਨਾਲ ਇਸ ਸਮਾਗਮ ਨੂੰ ਆਪਣਾ ਸਮਜਝ ਕੇ ਜ਼ਿੰਮੇਵਾਰੀ ਨਿਭਾ ਰਹੀਆਂ ਪ੍ਰਤੀਤ ਹੋ ਰਹੀਆਂ ਸਨ। ਯੂਰਪੀ ਪੰਜਾਬੀ ਸੱਥ ਵਾਲਸਾਲ ਦੇ ਮੁੱਖ ਸੇਵਾਦਾਰ ਮੋਤਾ ਸਿੰਘ ਸਰਾਏ ਜੀ ਵੱਲੋਂ ਭੇਜੀਆਂ ਪੁਸਤਕਾਂ ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਆਪਣਾ ਸਾਹਿਤਕ ਰੰਗ ਬਿਖੇਰ ਰਹੀਆਂ ਸਨ।

PunjabKesari

ਪੜ੍ਹੋ ਇਹ ਅਹਿਮ ਖ਼ਬਰ- ਜੀ. ਐਚ. ਜੀ. ਅਕੈਡਮੀਂ ਫਰਿਜ਼ਨੋ ਵੱਲੋਂ ਆਪਣੇ ਸਾਰੇ ਕੋਚਾਂ ਅਤੇ ਵਲੰਟੀਅਰਾਂ ਦਾ ਸਨਮਾਨ

ਪੰਜਾਬਣਾਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਮਨਪਸੰਦ ਪੁਸਤਕਾਂ ਆਪਣੇ ਘਰਾਂ ਨੂੰ ਲਿਜਾਣ ਲਈ ਚੁਣੀਆਂ ਗਈਆਂ। ਗਲਾਸਗੋ ਦੇ ਮੈਰੀਹਿੱਲ ਕਮਿਊਨਿਟੀ ਸੈਂਟਰ ਹਾਲ ਵਿਖੇ ਹੋਇਆ ਇਹ ਪ੍ਰੋਗਰਾਮ ‘ਮੇਲਾ ਬੀਬੀਆਂ ਦਾ’ ਇਕੱਠ, ਪ੍ਰਬੰਧ ਅਤੇ ਅਨੁਸ਼ਾਸਨ ਪੱਖੋਂ ਬਹੁਤ ਸ਼ਾਨਦਾਰ ਰਿਹਾ। ਸਕਾਟਲੈਂਡ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਬਿਨਾਂ ਕਿਸੇ ਪ੍ਰਚਾਰ ਜਾਂ ਵਿਸ਼ੇਸ਼ ਸਰਗਰਮੀ ਦੇ ਮਹਿਜ ਇੱਕ ਹਫ਼ਤੇ ਵਿੱਚ ਹੀ ਇੰਨਾ ਵੱਡਾ ਇਕੱਠ ਕਿਸੇ ਸਮਾਗਮ ਵਿੱਚ ਹੋਇਆ ਹੋਵੇ। ਆਲਮ ਇਹ ਸੀ ਕਿ ਬੇਹੱਦ ਰੁਝੇਵਿਆਂ ਭਰਿਆ ਐਤਵਾਰ ਹੋਣ ਦੇ ਬਾਵਜੂਦ ਵੀ ਪੰਜਾਬਣਾਂ ਨੇ ਆਪਣੇ ਆਪ ਲਈ ਸਮਾਂ ਕੱਢਦਿਆਂ ਟੋਲੀਆਂ ਦੇ ਰੂਪ ਵਿੱਚ ਸ਼ਿਰਕਤ ਕੀਤੀ। ਇਸ ਸਮੇਂ ਸ਼੍ਰੀਮਤੀ ਨਿਰਮਲ ਕੌਰ ਗਿੱਲ, ਕੁਲਜਿੰਦਰ ਕੌਰ ਸਹੋਤਾ ਅਤੇ ਸਵਰਨਜੀਤ ਕੌਰ ਵੱਲੋਂ ਸੰਬੋਧਨ ਦੌਰਾਨ ਸਮੁੱਚੀ ਪ੍ਰਬੰਧਕੀ ਟੀਮ ਤੇ ਪੰਜਾਬਣਾਂ ਦਾ ਇਸ ਸਮਾਗਮ ਨੂੰ ਸਫ਼ਲ ਕਰਨ ਲਈ ਧੰਨਵਾਦ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News