ਮਾਣ ਵਾਲੀ ਗੱਲ, ਲੁਧਿਆਣਾ ਦੇ ਚਰਨ ਕੰਵਲ ਸਿੰਘ ਨੂੰ ਕਿੰਗ ਚਾਰਲਸ ਨੇ ਦਿੱਤਾ 'ਸ਼ਾਹੀ ਖਿਤਾਬ'

Friday, Feb 03, 2023 - 02:34 PM (IST)

ਮਾਣ ਵਾਲੀ ਗੱਲ, ਲੁਧਿਆਣਾ ਦੇ ਚਰਨ ਕੰਵਲ ਸਿੰਘ ਨੂੰ ਕਿੰਗ ਚਾਰਲਸ ਨੇ ਦਿੱਤਾ 'ਸ਼ਾਹੀ ਖਿਤਾਬ'

ਲੰਡਨ (ਬਿਊਰੋ)- ਚਰਨ ਕੰਵਲ ਸਿੰਘ ਸੇਖੋਂ, ਜੋ ਯੂ.ਕੇ. ਸਰਕਾਰ ਦੇ ਵਾਤਾਵਰਣ, ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ (ਡੇਫਰਾ) ਵਿਚ ਸੀਨੀਅਰ ਵਾਤਾਵਰਣ ਅਧਿਕਾਰੀ ਹਨ, ਨੂੰ ਇਸ ਹਫ਼ਤੇ ਐਮ.ਬੀ.ਈ. ਦੇ ਸ਼ਾਹੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਵਿੰਡਸਰ ਕੈਸਲ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਕਿੰਗ ਚਾਰਲਸ-III ਤੋਂ ਸਨਮਾਨ ਪ੍ਰਾਪਤ ਕਰਨ ਵਾਲੇ 80 ਲੋਕਾਂ 'ਚੋਂ ਚਰਨ ਕੰਵਲ ਸਿੰਘ ਸੇਖੋਂ ਇਕੱਲੇ ਸਿੱਖ ਸਨ। ਇਸ ਮੌਕੇ ਕਿੰਗ ਚਾਰਲਸ ਵਲੋਂ ਸੇਖੋਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ ਗਈ।

PunjabKesari

ਜ਼ਿਕਰਯੋਗ ਹੈ ਕਿ 20 ਸਾਲਾਂ ਤੋਂ ਸਥਾਨਕ ਕੌਂਸਲਰ ਵਜੋਂ ਸੇਵਾ ਨਿਭਾਅ ਰਹੇ ਅਤੇ ਸੇਵਾ ਟਰੱਸਟ ਯੂ.ਕੇ. ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੂੰ ਇਹ ਸਨਮਾਨ ਉਨ੍ਹਾਂ ਦੀਆਂ ਕੋਰੋਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ, ਸਥਾਨਕ ਕੌਂਸਲ, ਭਾਰਤੀ ਵਿਦਿਆਰਥੀਆਂ ਅਤੇ ਭਾਈਚਾਰਕ ਸੇਵਾਵਾਂ ਲਈ ਦਿੱਤਾ ਗਿਆ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੜੂੰਦੀ ਦੇ ਜੰਮਪਲ ਚਰਨ ਕੰਵਲ ਸਿੰਘ ਸੇਖੋਂ ਨੇ ਕਿਹਾ ਕਿ ਉਹ ਇਹ ਸਨਮਾਨ ਆਪਣੇ ਮਾਤਾ-ਪਿਤਾ ਅਤੇ ਸੰਗੀ-ਸਾਥੀਆਂ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਇਸ ਮੁਕਾਮ 'ਤੇ ਪਹੁੰਚੇ ਹਨ। 

PunjabKesari

ਇੱਥੇ ਦੱਸ ਦਈਏ ਕਿ ਚਰਨ ਕੰਵਲ ਸਿੰਘ ਸੇਖੋਂ ਨੇ ਕੈਂਪਸਟਨ, ਬੈੱਡਫੋਰਡ ਦੇ ਗੁਰੂ ਗੋਬਿੰਦ ਸਿੰਘ ਗੁਰਦੁਆਰੇ ਦੀ ਸਥਾਪਨਾ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਿਆਂ ਲਗਭਗ 15 ਸਾਲ ਸਹਾਇਕ ਸਕੱਤਰ ਵਜੋਂ ਸੇਵਾ ਨਿਭਾਈ। ਸ਼ਾਹੀ ਖਿਤਾਬ ਮਿਲਣ 'ਤੇ ਸੰਸਦ ਮੈਂਬਰ ਮੁਹੰਮਦ ਯਾਸਿਨ, ਬੈਡਫੋਰਡ ਦੇ ਮੇਅਰ, ਕੌਂਸਲਰ ਅਤੇ ਸਥਾਨਕ ਗੁਰਦੁਆਰਾ, ਹਿੰਦੂ ਸਭਾ ਸੁਸਾਇਟੀਆਂ ਵਲੋਂ ਸੇਖੋਂ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਚਰਨ ਸਿੰਘ ਨੇ ਕਿਹਾ ਕਿ “ਇਹ ਵਿਸ਼ੇਸ਼ ਮਾਨਤਾ ਹਮੇਸ਼ਾ ਮੈਨੂੰ ਅਗਲੀ ਵਾਰ ਹੋਰ ਅਤੇ ਬਿਹਤਰ ਕਰਨ ਲਈ ਪ੍ਰੇਰਿਤ ਕਰੇਗੀ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਖੁਫੀਆ ਮੁਖੀ ਦਾ ਦਾਅਵਾ, ਚੀਨ 2027 ਤੱਕ ਤਾਇਵਾਨ 'ਤੇ ਕਰ ਸਕਦਾ ਹੈ ਹਮਲਾ! 

ਜਾਣੋ ਐੱਮ.ਬੀ.ਈ. ਖ਼ਿਤਾਬ ਬਾਰੇ

MBE ਮਤਲਬ Member of the Most Excellent Order of the British Empire ਜਾਂ ਬ੍ਰਿਟਿਸ਼ ਸਾਮਰਾਜ ਦਾ ਮੋਸਟ ਐਕਸੀਲੈਂਟ ਆਰਡਰ ਦਾ ਮੈਂਬਰ ਹੋਣਾ ਹੈ। CBE ਅਤੇ ਫਿਰ OBE ਤੋਂ ਬਾਅਦ MBE ਬ੍ਰਿਟਿਸ਼ ਸਾਮਰਾਜ ਦਾ ਤੀਜਾ ਸਭ ਤੋਂ ਉੱਚਾ ਰੈਂਕਿੰਗ ਆਰਡਰ (ਇੱਕ ਨਾਈਟਹੁੱਡ/ਡੈਮਹੁੱਡ ਨੂੰ ਛੱਡ ਕੇ) ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News