ਕਿਮ ਜੋਂਗ ਦੇ ਬ੍ਰੇਨ ਡੈੱਡ ਹੋਣ ਦੀਆਂ ਅਟਕਲਾਂ, ਭੈਣ ਬਣ ਸਕਦੀ ਦੇਸ਼ ਦੀ ਅਗਲੀ ਤਾਨਾਸ਼ਾਹ

04/22/2020 12:37:00 AM

ਪਿਓਂਗਯਾਂਗ - ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਸਿਹਤ ਨੂੰ ਲੈ ਕੇ ਅਟਕਲਾਂ ਲਾਈਆਂ ਜਾ ਰਹੀਆਂ ਹਨ। ਕੁਝ ਮੀਡੀਆ ਰਿਪੋਰਟਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਕਿਮ ਜੋਂਗ ਦੀ ਹਾਰਟ ਸਰਜਰੀ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਹੋ ਗਈ ਹੈ। ਜ਼ਿਕਰਯੋਗ ਹੈ ਕਿ ਉਹ ਬੇ੍ਰਨ ਡੈੱਡ ਹੋ ਚੁੱਕੇ ਹਨ। ਇਸ ਵਿਚਾਲੇ ਇਹ ਵੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ ਕਿ ਜੇਕਰ ਕਿਮ ਦੀ ਸਿਹਤ ਵਿਚ ਜਲਦ ਸੁਧਾਰ ਨਹੀਂ ਹੁੰਦਾ ਹੈ ਤਾਂ ਉਸ ਦੀ ਭੈਣ ਕਿਮ ਯੋ ਜੋਂਗ ਸੱਤਾ ਸੰਭਾਲ ਸਕਦੀ ਹੈ।

ਕਿਮ ਜੋਂਗ ਓਨ ਦੀ ਛੋਟੀ ਭੈਣ ਹੈ ਕਿਮ ਯੋ ਜੋਂਗ। ਪਿਛਲੇ 2 ਸਾਲਾਂ ਵਿਚ ਉਹ ਕਿਮ ਦੇ ਨੇੜੇ-ਤੇੜੇ ਦੇਖੀ ਜਾਂਦੀ ਰਹੀ ਹੈ। ਉਹ ਸੱਤਾਧਾਰੀ ਵਰਕਰਸ ਪਾਰਟੀ ਦੀ ਸ਼ਕਤੀਸ਼ਾਲੀ ਕੇਂਦਰੀ ਕਮੇਟੀ ਦੀ ਉਪ ਪ੍ਰਧਾਨ ਹੈ। 31 ਸਾਲਾ ਕਿਮ ਯੋ ਜੋਂਗ ਆਪਣੇ ਭਰਾ ਅਤੇ ਤਾਨਾਸ਼ਾਹ ਕਿਮ ਜੋਂਗ ਓਨ ਦੀ ਵਿਸ਼ਵਾਸ ਪਾਤਰ ਹੈ। ਸੱਤਾਧਾਰੀ ਪਾਰਟੀ 'ਤੇ ਉਸ ਦੀ ਮਜ਼ਬੂਤ ਪੱਕੜ ਦੱਸੀ ਜਾਂਦੀ ਹੈ।

ਸਾਊਥ ਕੋਰੀਆ ਅਤੇ ਚਾਈਨੀਜ਼ ਅਧਿਕਾਰੀਆਂ ਨੇ ਕਿਮ ਜੋਂਗ ਓਨ ਨੂੰ ਲੈ ਕੇ ਆਈ ਖਬਰ ਨੂੰ ਇਕ ਤਰ੍ਹਾਂ ਨਾਲ ਖਾਰਿਜ ਕੀਤਾ ਹੈ ਤਾਂ ਅਮਰੀਕਾ ਨੇ ਆਖਿਆ ਹੈ ਕਿ ਉਸ ਕੋਲ ਉੱਤਰੀ ਕੋਰੀਆ ਦੇ ਰਾਸ਼ਟਰਪਤੀ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਹੈ। ਰਿਪੋਰਟਸ ਵਿਚ ਆਖਿਆ ਗਿਆ ਹੈ ਕਿ ਸਿਹਤ ਠੀਕ ਨਾ ਹੋਣ ਕਾਰਨ ਹੀ ਕਿਮ ਜੋਂਗ ਓਨ ਸਰਕਾਰ ਦੇ ਅਹਿਮ ਪ੍ਰੋਗਰਾਮਾਂ ਵਿਚ ਮੌਜੂਦ ਨਹੀਂ ਰਹੇ। ਕੁਝ ਮੀਡੀਆ ਰਿਪੋਰਟ ਵਿਚ ਆਖਿਆ ਜਾ ਰਿਹਾ ਹੈ ਕਿ ਜੇਕਰ 36 ਸਾਲਾ ਕਿਮ ਜੋਂਗ ਓਨ ਦੀ ਸਿਹਤ ਵਿਚ ਸੁਧਾਰ ਨਹੀਂ ਹੁੰਦਾ ਤਾਂ ਉਸ ਦੀ ਭੈਣ ਅਤੇ ਵਿਸ਼ਵਾਸ ਪਾਤਰ ਕਿਮ ਯੋ ਜੋਂਗ ਦੇਸ਼ ਦੀ ਅਗਲੀ ਤਾਨਾਸ਼ਾਹ ਹੋ ਸਕਦੀ ਹੈ।

ਕਿਮ ਜੋਂਗ ਓਨ ਆਪਣੇ ਪਰਿਵਾਰ ਦੇ ਤੀਜੀ ਪੀੜੀ ਦੇ ਨੇਤਾ ਹਨ। 2011 ਵਿਚ ਪਿਤਾ ਕਿਮ ਜੋਂਗ-2 ਦੀ ਹਾਰਟ ਅਟੈਕ ਨਾਲ ਮੌਤ ਹੋਣ ਤੋਂ ਬਾਅਦ ਕਿਮ ਜੋਂਗ ਜੂਨੀਅਰ ਨੇ ਸੱਤਾ ਸੰਭਾਲੀ। 1948 ਵਿਚ ਦੇਸ਼ ਦੇ ਗਠਨ ਤੋਂ ਬਾਅਦ ਹੀ ਕਿਮ ਦੇ ਪਰਿਵਾਰ ਦਾ ਉੱਤਰ ਕੋਰੀਆ ਦੀ ਸੱਤਾ 'ਤੇ ਕਬਜ਼ਾ ਰਿਹਾ ਹੈ ਅਤੇ ਹਰ ਨੇਤਾ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਦੇ ਸਵਾਲ ਉਠੇ ਕਿ ਹੁਣ ਗੱਦੀ ਕੌਣ ਸੰਭਾਲੇਗਾ। ਕੀ ਕਿਮ ਵੰਸ਼ ਦਾ ਸ਼ਾਸਨ ਖਤਮ ਹੋ ਜਾਵੇਗਾ। ਕਿਮ ਨੇ ਇਨ੍ਹਾਂ ਸਵਾਲਾਂ ਨੂੰ ਗਲਤ ਸਾਬਿਤ ਕੀਤਾ ਹੈ ਅਤੇ ਸ਼ਾਸਨ 'ਤੇ ਆਪਣੀ ਮਜ਼ਬੂਤ ਪੱਕੜ ਕਾਇਮ ਰੱਖੀ। ਕਿਮ ਜੋਂਗ ਓਨ ਦੇ ਸ਼ਾਸਨ ਵਿਚ ਉੱਤਰੀ ਕੋਰੀਆ ਨੇ ਅਮਰੀਕਾ ਦੇ ਵਿਰੋਧ ਦੇ ਬਾਵਜੂਦ ਪ੍ਰਮਾਣੂ ਹਥਿਆਰ ਅਤੇ ਮਿਜ਼ਾਈਲਾਂ ਨਾਲ ਆਪਣੀ ਸ਼ਕਤੀ ਖੂਬ ਵਧਾ ਲਈ ਹੈ।


Khushdeep Jassi

Content Editor

Related News