ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਵਾਲਿਆਂ ਦਾ ਕਿਮ ਨੇ ਬੰਬ ਨਾਲ ਉਡਾ ਦਿੱਤਾ ਸੀ ਦਫਤਰ
Thursday, Jul 02, 2020 - 11:46 PM (IST)
ਪਿਓਂਗਯਾਂਗ - ਕਰੀਬ 2 ਹਫਤੇ ਪਹਿਲਾਂ ਉੱਤਰੀ ਕੋਰੀਆ ਦੀ ਫੌਜ ਨੇ ਕਿਮ ਜੋਂਗ ਓਨ ਦੇ ਆਦੇਸ਼ 'ਤੇ ਸਰਹੱਦ 'ਤੇ ਸਥਿਤ ਦੱਖਣੀ ਕੋਰੀਆ ਨਾਲ ਗੱਲਬਾਤ ਲਈ ਬਣਾਏ ਗਏ ਸੰਯੁਕਤ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਸੀ। ਹੁਣ ਖੁਲਾਸਾ ਹੋਇਆ ਹੈ ਕਿ ਦੱਖਣੀ ਕੋਰੀਆ ਨੇ ਕਿਮ ਜੋਂਗ ਦੀ ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਕੀਤੀਆਂ ਸਨ ਅਤੇ ਗੁੱਬਾਰਿਆਂ ਦੇ ਜ਼ਰੀਏ ਇਨਾਂ ਤਸਵੀਰਾਂ ਨੂੰ ਉੱਤਰੀ ਕੋਰੀਆ ਦੀ ਸਰਹੱਦ ਵਿਚ ਵੀ ਸੁੱਟਿਆ ਸੀ। ਇਸ ਨਾਲ ਕਿਮ ਜੋਂਗ ਭੜਕ ਗਏ ਸਨ ਅਤੇ ਉਨ੍ਹਾਂ ਨੇ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਸੀ।
ਦੱਸ ਦਈਏ ਕਿ ਇਹ ਦਫਤਰ ਉੱਤਰੀ ਕੋਰੀਆ ਦੀ ਸਰਹੱਦ 'ਤੇ ਕਾਯੇਸੋਂਗ ਸ਼ਹਿਰ ਵਿਚ ਸਥਿਤ ਸੀ। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ ਸ਼ੁਰੂ ਹੋਈ 'ਲੀਫਲੇਟ ਵਾਰ' ਬੇਹੱਦ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਸਰਹੱਦ 'ਤੇ ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ ਦੇ ਵਿਰੋਧ ਵਿਚ ਜੋ ਪਰਚੇ ਸੁੱਟੇ ਜਾ ਰਹੇ ਹਨ, ਹੁਣ ਉਨ੍ਹਾਂ ਵਿਚ ਤਾਨਾਸ਼ਾਹ ਕਿਮ ਜੋਂਗ ਓਨ ਦੀ ਪਤਨੀ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ, ਇਥੋਂ ਤੱਕ ਕਿ ਉਨ੍ਹਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵੀ ਵੰਡੀਆਂ ਜਾ ਰਹੀਆਂ ਹਨ। ਉੱਤਰੀ ਕੋਰੀਆ ਸਥਿਤ ਰੂਸੀ ਦੂਤਘਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਰੂਸੀ ਰਾਜਦੂਤ ਮੁਤਾਬਕ, ਇਨ੍ਹਾਂ ਗੁੱਬਾਰਿਆਂ ਦੇ ਜ਼ਰੀਏ ਕਿਮ ਜੋਂਗ ਓਨ ਦੀ ਪਤਨੀ ਰੀ ਸੋਲ ਜੂ ਦੀਆਂ ਇਤਰਾਜ਼ਯੋਗ ਤਸਵੀਰਾਂ ਉੱਤਰੀ ਕੋਰੀਆ ਦੀ ਸਰਹੱਦ ਵਿਚ ਸੁੱਟੀਆਂ ਜਾ ਰਹੀਆਂ ਸਨ।
ਦੱਖਣੀ ਕੋਰੀਆ ਨੇ ਕੀਤੀ ਸ਼ੁਰੂਆਤ
ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਪਿਛਲੇ ਕੁਝ ਸਮੇਂ ਤੋਂ ਦੋਸ਼ ਲਾ ਰਿਹਾ ਹੈ ਕਿ ਦੱਖਣੀ ਕੋਰੀਆ ਕਿਮ ਜੋਂਗ ਓਨ ਖਿਲਾਫ ਅਭਿਆਨ ਦੇ ਤਹਿਤ ਸਰਹੱਦ 'ਤੇ ਗੁੱਬਾਰਿਆਂ ਨਾਲ ਪਰਚੇ ਸੁੱਟ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਵਿਰੁੱਧ ਲੋਕਾਂ ਨੂੰ ਭੜਕਾਇਆ ਜਾ ਸਕੇ। ਨਰਾਜ਼ ਉੱਤਰੀ ਕੋਰੀਆ ਨੇ ਆਪਣੇ ਗੁਆਂਢੀ ਨੂੰ ਫੌਜੀ ਕਾਰਵਾਈ ਦੀ ਧਮਕੀ ਵੀ ਦਿੱਤੀ ਹੈ, ਨਾਲ ਹੀ ਸਰਹੱਦ 'ਤੇ ਲਾਊਡ ਸਪੀਕਰ ਫਿਰ ਤੋਂ ਲਗਾਏ ਜਾ ਰਹੇ ਹਨ। ਉੱਤਰੀ ਕੋਰੀਆ ਵਿਚ ਤਾਇਨਾਤ ਰੂਸੀ ਰਾਜਦੂਤ ਐਲੇਕਜੇਂਡਰ ਮਾਤਸਗੋਰਾ ਨੇ ਹਾਲ ਹੀ ਵਿਚ ਇਕ ਰੂਸੀ ਨਿਊਜ਼ ਏਜੰਸੀ ਨੂੰ ਦੱਸਿਆ ਸੀ ਕਿ ਦੱਖਣੀ ਕੋਰੀਆ ਵੱਲੋਂ ਸੁੱਟੇ ਜਾ ਰਹੇ ਇਹ ਪਰਚੇ ਹੁਣ ਇਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ ਅਤੇ ਉਸ ਤੋਂ ਉੱਤਰੀ ਕੋਰੀਆ ਵਿਚ ਆਪਣੇ ਗੁਆਂਢੀ ਦੇ ਪ੍ਰਤੀ ਗੁੱਸਾ ਪੈਦਾ ਹੋ ਰਿਹਾ ਹੈ।
ਮਾਤਸਗੋਰਾ ਨੇ 29 ਜੂਨ ਨੂੰ ਰੂਸੀ ਦੀ ਨਿਊਜ਼ ਏਜੰਸੀ () ਨਾਲ ਗੱਲਬਾਤ ਵਿਚ ਆਖਿਆ ਕਿ ਇਨਾਂ ਪਰਚਿਆਂ ਵਿਚ ਕਿਮ ਜੋਂਗ ਓਨ ਦੀ ਪਤਨੀ ਖਿਲਾਫ ਇਤਰਾਜ਼ਯੋਗ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ। ਨਾਲ ਹੀ ਫੋਟੋ ਨੂੰ ਵੀ ਬੇਹੱਦ ਘਟਿਆ ਤਰੀਕੇ ਨਾਲ ਸੰਪਾਦਤ ਕਰਕੇ ਲਾਇਆ ਗਿਆ ਹੈ। ਹਾਲਾਂਕਿ ਮਾਤਸਗੋਰਾ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਦੀ ਭੈਣ ਦੇ ਸੱਤਾ ਸੰਭਾਲਣ ਨਾਲ ਜੁੜੀ ਖਬਰਾਂ ਨੂੰ ਅਫਵਾਹ ਦੱਸਿਆ ਹੈ। ਦੱਸ ਦਈਏ ਕਿ ਤਾਨਾਸ਼ਾਹ ਦੀ ਭੈਣ ਕਿਮ ਯੋ ਜੋਂਗ ਉਨ੍ਹਾਂ ਦੇ ਪ੍ਰਮੁੱਖ ਸਲਾਹਕਾਰਾਂ ਵਿਚੋਂ ਇਕ ਹੈ। ਜ਼ਿਕਰਯੋਗ ਹੈ ਕਿ ਕਿਮ ਯੋ ਜੋਂਗ ਦੀ ਸਲਾਹ 'ਤੇ ਹੀ ਤਾਨਾਸ਼ਾਹ ਦੇ ਕੇਯਸੋਂਗ ਸ਼ਹਿਰ ਸਥਿਤ ਉਸ ਦਫਤਰ ਨੂੰ ਬੰਬ ਨਾਲ ਉਡਾ ਦਿੱਤਾ ਸੀ, ਜੋ ਦੋਹਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਕਾਇਮ ਕਰਨ ਲਈ 2018 ਵਿਚ ਖੋਲ੍ਹਿਆ ਗਿਆ ਸੀ।