ਕਿਮ ਦੀ ਭੈਣ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ

Thursday, Nov 24, 2022 - 10:54 AM (IST)

ਕਿਮ ਦੀ ਭੈਣ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਖ਼ਿਲਾਫ਼ ਕੀਤੀ ਇਤਰਾਜ਼ਯੋਗ ਟਿੱਪਣੀ

ਸਿਓਲ (ਭਾਸ਼ਾ) : ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰਦਿਆਂ ਧਮਕੀ ਦਿੱਤੀ ਹੈ। ਯੋ ਜੋਂਗ ਨੇ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਸਰਕਾਰ ਨੂੰ "ਮੂਰਖ਼" ਅਤੇ "ਅਮਰੀਕਾ ਵੱਲੋਂ ਪਾਈਆਂ ਗਈਆਂ ਹੱਡੀਆਂ ਨੂੰ ਖਾਣ ਵਾਲੇ ਜੰਗਲੀ ਕੁੱਤਾ" ਦੱਸਿਆ ਹੈ। ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲਾ ਦੇ ਉੱਤਰੀ ਕੋਰੀਆ ਦੇ ਹਾਲ ਹੀ ਦੇ ਮਿਜ਼ਾਈਲ ਪ੍ਰੀਖਣਾਂ ਦੇ ਮੱਦੇਨਜ਼ਰ ਉਸ 'ਤੇ ਵਾਧੂ ਇਕਪਾਸੜ ਪਾਬੰਦੀਆਂ 'ਤੇ ਵਿਚਾਰ ਕਰਨ ਸਬੰਧੀ ਬਿਆਨ ਦੇਣ ਦੇ 2 ਦਿਨ ਬਾਅਦ ਯੋ ਜੋਂਗ ਨੇ ਇਹ ਟਿੱਪਣੀ ਕੀਤੀ ਹੈ।

ਮੰਤਰਾਲਾ ਨੇ ਕਿਹਾ ਸੀ ਕਿ ਜੇਕਰ ਉੱਤਰੀ ਕੋਰੀਆ ਪ੍ਰਮਾਣੂ ਪ੍ਰੀਖਣ ਵਰਗੀਆਂ ਭੜਕਾਊ ਕਾਰਵਾਈਆਂ ਜਾਰੀ ਰੱਖਦਾ ਹੈ ਤਾਂ ਉਹ ਉਸ ਦੇ ਕਥਿਤ ਸਾਈਬਰ ਹਮਲਿਆਂ ਨੂੰ ਲੈ ਕੇ ਵੀ ਪਾਬੰਦੀਆਂ ਲਗਾਉਣ 'ਤੇ ਵਿਚਾਰ ਕਰੇਗਾ। ਸਰਕਾਰੀ ਮੀਡੀਆ ਦੇ ਅਨੁਸਾਰ, ਕਿਮ ਯੋ ਜੋਂਗ ਨੇ ਕਿਹਾ, “ਮੈਂ ਹੈਰਾਨ ਹਾਂ ਕਿ ਅਮਰੀਕਾ ਦੀ ਸੁੱਟੀ ਹੱਡੀ ਖਾਣ ਵਾਲਾ ਜੰਗਲੀ ਕੁੱਤਾ...ਦੱਖਣੀ ਕੋਰੀਆ ਦਾ ਸਮੂਹ ਬੇਸ਼ਰਮੀ ਨਾਲ ਉੱਤਰੀ ਕੋਰੀਆ 'ਤੇ ਕਿਹੜੀਆਂ ਪਾਬੰਦੀਆਂ ਲਗਾਏਗਾ। ਕੀ ਤਮਾਸ਼ਾ ਹੈ।” ਉਸ ਨੇ ਕਿਹਾ ਕਿ ਦੱਖਣੀ ਕੋਰੀਆ ਦੇ ਨਵੇਂ ਰਾਸ਼ਟਰਪਤੀ ਯੂਨ ਸੁਕ ਯੇਓਲ “ਮੂਰਖ” ਹਨ ਅਤੇ ਉਨ੍ਹਾਂ ਦੀ ਸਰਕਾਰ ਵੀ “ਮੂਰਖਾਂ ਨਾਲ ਭਰੀ ਹੋਈ ਹੈ, ਜੋ ਖੇਤਰ ਵਿੱਚ ਖ਼ਤਰਨਾਕ ਸਥਿਤੀ ਪੈਦਾ ਕਰ ਰਹੀ ਹੈ।”

ਯੋ ਜੋਂਗ ਨੇ ਕਿਹਾ ਕਿ ਜਦੋਂ ਯੂਨ ਦੇ ਪੂਰਵਵਰਤੀ ਮੂਨ ਜੇ-ਇਨ ਸੱਤਾ ਵਿੱਚ ਸਨ, ਜਿਨ੍ਹਾਂ ਨੇ ਉੱਤਰੀ ਕੋਰੀਆ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ, ਉਦੋਂ  ਦੱਖਣੀ ਕੋਰੀਆ "ਸਾਡੇ ਨਿਸ਼ਾਨੇ 'ਤੇ ਨਹੀਂ ਸੀ।" ਇਸ ਟਿੱਪਣੀ ਨੂੰ ਦੱਖਣੀ ਕੋਰੀਆ ਵਿਚ ਯੂਨ ਵਿਰੋਧੀ ਭਾਵਨਾਵਾਂ ਨੂੰ ਭੜਕਾਉਣ ਦੀ ਸੰਭਾਵਿਤ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਦੱਖਣੀ ਕੋਰੀਆ ਨੇ ਪਿਛਲੇ ਮਹੀਨੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰਾਂ ਅਤੇ ਮਿਜ਼ਾਈਲ ਪ੍ਰੋਗਰਾਮਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਫੰਡ ਦੇਣ ਦੇ ਸ਼ੱਕ 'ਚ 15 ਉੱਤਰੀ ਕੋਰੀਆਈ ਵਿਅਕਤੀਆਂ ਅਤੇ 16 ਸੰਗਠਨਾਂ 'ਤੇ ਪਾਬੰਦੀਆਂ ਲਗਾਈਆਂ ਸਨ। ਦੱਖਣੀ ਕੋਰੀਆ ਵੱਲੋਂ ਉੱਤਰੀ ਕੋਰੀਆ 'ਤੇ ਪਿਛਲੇ 5 ਸਾਲਾਂ 'ਚ ਪਹਿਲੀ ਵਾਰ ਇਕਪਾਸੜ ਪਾਬੰਦੀਆਂ ਸਨ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪ੍ਰਤੀਕਾਤਮਕ ਕਦਮ ਹੈ, ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਵਿੱਤੀ ਲੈਣ-ਦੇਣ ਬਹੁਤ ਘੱਟ ਹੈ।


author

cherry

Content Editor

Related News