ਕੈਨਬਰਾ 'ਚ ਜਾਹੋ ਜਲਾਲ ਨਾਲ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ, 21 ਪ੍ਰਾਣੀਆਂ ਨੇ ਲਈ ਖੰਡੇ ਬਾਟੇ ਦੀ ਪਾਹੁਲ

Saturday, Apr 30, 2022 - 02:40 PM (IST)

ਕੈਨਬਰਾ (ਬਿਊਰੋ) : ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ 'ਚ ਖ਼ਾਲਸਾ ਸਾਜਨਾ ਦਿਵਸ ਸਬੰਧੀ ਸਮਾਗਮ 9 ਅਪ੍ਰੈਲ ਨੂੰ ਗੁਰਬਾਣੀ ਕੰਠ ਮੁਕਾਬਲਿਆਂ ਨਾਲ ਸ਼ੁਰੂ ਹੋਏ। ਇਸ ਸਮਾਗਮ 'ਚ ਦਸਤਾਰ ਵਰਕਸ਼ਾਪ, ਦਸਤਾਰ ਮੁਕਾਬਲੇ ਵੀ ਕਰਵਾਏ ਗਏ ਅਤੇ ਲੰਮੇ ਸਮੇਂ ਤੋਂ ਲਗਾਈਆਂ ਜਾ ਰਹੀਆਂ ਕੀਰਤਨ ਦੀਆਂ ਕਲਾਸਾਂ ਤੋਂ ਬਾਅਦ ਬੱਚਿਆਂ ਨੇ ਸਟੇਜ ਤੋਂ ਆਪ ਗਰੁੱਪ ਸ਼ਬਦ ਗਾਇਨ ਕਰਕੇ ਸੰਗਤ ਨੂੰ ਕੀਲ ਲਿਆ। ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸਮਾਗਮ 'ਚ ਹਿੱਸਾ ਲਿਆ। ਸਮਾਗਮ ਦੀਆਂ ਤਿਆਰੀਆਂ ਮਹੀਨਾ ਪਹਿਲਾਂ ਸ਼ੁਰੂ ਹੋ ਗਈਆਂ ਸਨ। ਇਸ ਮੌਕੇ ਕਈ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕਰਵਾ ਪੰਜਾਬ ਵਾਂਗ ਮੰਜਿਆਂ 'ਤੇ ਵਿਛਾਈਆਂ ਗਈਆਂ।

PunjabKesari

ਵਿਸਾਖੀ ਵਾਲੇ ਦਿਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਤੋਂ ਬਾਅਦ ਗੁ:ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਲਈ ਨਵੀਂ ਖ਼ਰੀਦੀ ਵੈਨ ਨੂੰ ਸੰਗਤ ਦੀ ਹਾਜ਼ਰੀ ਵਿੱਚ ਕੇਸਰੀ ਝੰਡੇ ਨਾਲ ਰਵਾਨਗੀ ਦਿੱਤੀ। ਉਪਰੰਤ ਰਾਗੀ ਭਾਈ ਪਰਮਿੰਦਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਉੱਘੇ ਵਿਦਵਾਨ ਗਿਆਨੀ ਸੰਤੋਖ ਸਿੰਘ ਜੀ ਵੱਲੋਂ ਇਤਿਹਾਸਕ ਸਾਂਝ ਪਾਈ ਗਈ।

PunjabKesari

ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਸ੍ਰੀ ਆਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏ ਜੋ ਸੰਗਤ ਨੇ ਆਪ ਕੀਤੇ। ਕਮੇਟੀ ਪ੍ਰਧਾਨ ਸਤਨਾਮ ਸਿੰਘ ਦਬੜੀਖਾਨਾ ਤੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਹਫ਼ਤਾਵਾਰੀ ਸਮਾਗਮਾਂ ਦੇ ਅਖ਼ੀਰਲੇ ਦਿਨ ਭਾਈ ਗੁਰਜੰਟ ਸਿੰਘ ਬੈਕਾਂ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਨਿਹਾਲ ਕੀਤਾ। ਉਪਰੰਤ ਸਿਡਨੀ ਤੋਂ ਆਈ ਗੱਤਕਾ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਕੈਨਬਰਾ 'ਚ ਇਹ ਸਭ ਪਹਿਲੀ ਵਾਰ ਹੋ ਰਿਹਾ ਸੀ ਤੇ ਇਹ ਇਕ ਵੱਖਰਾ ਜਾਹੋ ਜਲਾਲ ਸੀ।

PunjabKesari

ਸ.ਦਬੜੀਖਾਨਾ ਨੇ ਪ੍ਰਬੰਧਾਂ ਦੀ ਦੇਖ ਰੇਖ ਨਾਲ ਆਪ ਵੀ ਗੱਤਕੇ ਦੇ ਜੌਹਰ ਦਿਖਾਏ। ਲੰਗਰ ਦੇ ਪ੍ਰਬੰਧ ਮੀਤ ਪ੍ਰਧਾਨ ਹਰਵਿੰਦਰ ਸਿੰਘ ਰੰਧਾਵਾ ਅਤੇ ਬਾਹਰੀ ਸਜਾਵਟ ਤੇ ਹੋਰ ਪ੍ਰਬੰਧ ਸੈਕਟਰੀ ਗੁਰਅੰਮ੍ਰਿਤ ਸਿੰਘ ਢਿੱਲੋਂ ਜੀ ਦੀ ਦੇਖ ਰੇਖ 'ਚ ਹੋਏ। ਸਮਾਗਮ ਤਕਰੀਬਨ ਤਿੰਨ ਹਫ਼ਤੇ ਚੱਲਿਆ। ਅਖੀਰਲੇ ਹਫ਼ਤੇ ਪੰਜ ਪਿਆਰਿਆਂ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਵਿੱਚ 21 ਪ੍ਰਾਣੀਆਂ ਵੱਲੋਂ ਖੰਡੇ ਬਾਟੇ ਦੀ ਪਾਹੁਲ ਲਈ ਗਈ। ਪੰਜ ਪਿਆਰਿਆਂ ਦੀ ਅਗਵਾਈ ਵਾਲੇ ਸਿੰਘ ਭਾਈ ਗੁਰਮੁਖ ਸਿੰਘ ਮੈਲਬੋਰਨ ਵੱਲੋਂ ਕਥਾ ਦੁਆਰਾ ਸੰਗਤਾਂ ਨੂੰ ਖ਼ਾਲਸੇ ਦੇ ਪ੍ਰਗਟ ਹੋਣ ਦੀ ਮਹਾਨਤਾ 'ਤੇ ਚਾਨਣਾ ਪਾਇਆ ਗਿਆ ਅਤੇ ਜਥੇ ਵੱਲੋਂ ਕਕਾਰ ਮੁਫ਼ਤ ਦਿੱਤੇ ਗਏ।

 

PunjabKesari

ਅਖੀਰਲੇ ਦਿਨ ਟਰਬਨ ਅਕੈਡਮੀ ਆਸਟਰੇਲੀਆ ਦੇ ਸਹਿਯੋਗ ਨਾਲ ਦਸਤਾਰ ਮੁਕਾਬਲੇ ਕਰਵਾਏ ਤੇ ਜੇਤੂ ਬੱਚਿਆਂ ਨੂੰ ਦਸਤਾਰਾਂ ਤੇ ਇਨਾਮ ਤਕਸੀਮ ਕੀਤੇ ਗਏ। ਗੁ:ਕਮੇਟੀ  ਦੇ ਸੈਕਟਰੀ  ਗੁਰਅੰਮ੍ਰਿਤ ਸਿੰਘ, ਮੈਂਬਰ ਪ੍ਰਭਜੋਤ ਸਿੰਘ ਸੰਧੂ, ਜਗਜੀਤ ਸਿੰਘ ਜੱਗਾ, ਨੋਬਲਪ੍ਰੀਤ ਸਿੰਘ , ਰਮਨਪ੍ਰੀਤ ਆਹਲੂਵਾਲੀਆ ਤੇ ਖਜ਼ਾਨਚੀ ਮਲਕੀਤ ਸਿੰਘ ਨੇ ਸੰਗਤਾਂ ਦੇ ਦਿੱਤੇ ਵੱਡੇ ਸਹਿਯੋਗ ਦਾ ਧੰਨਵਾਦ ਕੀਤਾ।

PunjabKesari

 

 


cherry

Content Editor

Related News