ਰਿਸ਼ੀ ਸੁਨਕ ਨੂੰ ਭਾਰਤ ’ਚ ਮਿਲੇ ਸਨਮਾਨ ਤੋਂ ਬੌਖਲਾਏ ਖ਼ਾਲਿਸਤਾਨੀ, ਜੱਗੀ ਜੌਹਲ ਨੂੰ ਰਿਹਾਅ ਕਰਨ ਦੀ ਮੁੜ ਕੀਤੀ ਮੰਗ
Tuesday, Sep 19, 2023 - 06:15 PM (IST)
ਲੰਡਨ: ਜੀ-20 ਸੰਮੇਲਨ ਵਿਚ ਹਿੱਸਾ ਲੈਣ ਆਏ ਯੂ.ਕੇ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਭਾਰਤ ਵਿਚ ਮਿਲੇ ਸਨਮਾਨ ਤੋਂ ਯੂ.ਕੇ ਦੇ ਖ਼ਾਲਿਸਤਾਨੀ ਬੌਖਲਾਏ ਹੋਏ ਹਨ। ਸੁਨਕ ਦੀ ਵਤਨ ਵਾਪਸੀ ’ਤੇ ਸਿੱਖ ਫੈੱਡਰੇਸ਼ਨ ਯੂ.ਕੇ ਦੇ ਗਠਨ ਦੀ 20ਵੀਂ ਵਰ੍ਹੇਗੰਢ ਦੇ ਸਬੰਧ ਵਿਚ ਬਰਮਿੰਘਮ ਦੇ ਗੁਰਦੁਆਰਾ ਸਮੈਦਿਕ ਵਿਚ ਆਯੋਜਿਤ ਇਕ ਕਾਨਫਰੰਸ ਦੌਰਾਨ ਯੂ.ਕੇ ਵਿਚ ਵੀ ਸਿੱਖ ਭਾਈਚਾਰੇ ਨੂੰ ਕੈਨੇਡਾ ਵਾਂਗ ਵੱਡੀ ਸਿਆਸੀ ਤਾਕਤ ਵਜੋਂ ਉਭਾਰਨ ’ਤੇ ਵਿਚਾਰ-ਚਰਚਾ ਹੋਈ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ 2021 ਦੀਆਂ ਚੋਣਾਂ ਵਿਚ ਭਾਰਤੀ ਮੂਲ ਦੇ 17 ਸੰਸਦ ਮੈਂਬਰ ਚੁਣੇ ਗਏ ਸਨ ਅਤੇ ਇਨ੍ਹਾਂ ਵਿਚੋਂ ਵਧੇਰੇ ਸੰਸਦ ਮੈਂਬਰ ਸਿੱਖ ਭਾਈਚਾਰੇ ਦੇ ਹਨ ਅਤੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵਿਚ ਵੀ ਕਈ ਸਿੱਖ ਮੰਤਰੀ ਸ਼ਾਮਲ ਹਨ। ਇਹੀ ਕਾਰਨ ਹੈ ਕਿ ਸਿੱਖ ਭਾਈਚਾਰੇ ਦੀ ਹਮਾਇਤ ਹਾਸਲ ਕਰਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡਾ ਵਿਚ ਭਾਰਤ ਵਿਰੋਧੀ ਤੱਤਾਂ ਨੂੰ ਪਨਾਹ ਦੇ ਰਹੇ ਹਨ ਅਤੇ ਉਥੇ ਖੁੱਲ੍ਹੇਆਮ ਖ਼ਾਲਿਸਤਾਨੀ ਰਿਫਰੈਂਡਮ ਕਰਵਾਇਆ ਜਾ ਰਿਹਾ ਹੈ। ਹੁਣ ਯੂ.ਕੇ ਵਿਚ ਵੀ ਸਿੱਖ ਭਾਈਚਾਰਾ ਉਂਝ ਹੀ ਸਿਅਾਸੀ ਤਾਕਤ ਵਜੋਂ ਖੜ੍ਹੇ ਹੋਣ ਦੀ ਯੋਜਨਾ ਬਣਾ ਰਿਹਾ ਹੈ।
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਫੈੱਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਰਿਸ਼ੀ ਸੁਨਕ ਯੂ.ਕੇ ਦੀ ਕੰਜ਼ਰਵੇਟਿਵ ਪਾਰਟੀ ਦੀ ਸਥਿਤੀ ਨੂੰ ਬਹਾਲ ਕਰਨ ਵਿਚ ਨਾਕਾਮ ਰਹੇ ਹਨ ਅਤੇ ਅਗਲੀਆਂ ਚੋਣਾਂ ਵਿਚ ਸਿੱਖ ਭਾਈਚਾਰੇ ਦੇ ਲੋਕ ਆਪਣੇ ਭਾਈਚਾਰੇ ਦੇ ਸੰਸਦ ਮੈਂਬਰਾਂ ਦੀ ਗਿਣਤੀ 2 ਤੋਂ ਵਧ ਕੇ 9 ਕਰਨ ਦੀ ਉਮੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂ.ਕੇ ਵਿਚ ਅਗਲੀ ਸਰਕਾਰ ਲੇਬਰ ਪਾਰਟੀ ਦੀ ਆਏਗੀ ਅਤੇ ਇਹ ਸਰਕਾਰ ਅਗਲੇ 10 ਸਾਲ ਤੱਕ ਰਹਿ ਸਕਦੀ ਹੈ ਅਤੇ ਜੇਕਰ ਯੂ. ਕੇ. ਵਿਚ ਸਿੱਖ ਸੰਸਦ ਮੈਂਬਰਾਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਅਸੀਂ ਸਿੱਖ ਮੈਨੀਫੈਸਟੋ ਨਾਲ ਸਬੰਧਤ ਬਹੁਤ ਸਾਰੇ ਮੁੱਦਿਆਂ ਨੂੰ ਬਿਹਤਰ ਤਰੀਕੇ ਨਾਲ ਉਠਾ ਸਕਦੇ ਹਾਂ ਕਿਉਂਕਿ ਸਿੱਖ ਭਾਈਚਾਰੇ ਦੀ ਸਿਆਸੀ ਨੁਮਾਇੰਦਗੀ ਅਗਲੀ ਸਰਕਾਰ ਵਿਚ ਵਧ ਜਾਵੇਗੀ। ਕਾਨਫਰੰਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਈਟ ਵਿੰਗ ਦੀ ਸਰਕਾਰ ਨਾਲ ਸਬੰਧਾਂ ਨੂੰ ਲੈ ਕੇ ਰਿਸ਼ੀ ਸੁਨਕ ਦੀ ਸਰਕਾਰ ਸਿਆਸੀ ਦਾਇਰੇ ਵਿਚ ਕਮਜ਼ੋਰ ਸਾਬਿਤ ਹੋਈ ਹੈ। ਰਿਸ਼ੀ ਸੁਨਕ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਭਾਰਤੀ ਅਧਿਕਾਰੀ ਬੇਸ਼ਰਮੀ ਨਾਲ ਸੁਨਕ ਦੀ ਹਿੰਦੂ ਪਛਾਣ ਅਤੇ ਭਾਰਤ ਨਾਲ ਪਰਿਵਾਰਕ ਸਬੰਧਾਂ ਦਾ ਸ਼ੋਸ਼ਣ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ-ਕੈਨੇਡਾ ਦੇ ਤਲਖ਼ ਰਿਸ਼ਤਿਆਂ ਦਰਮਿਆਨ MP ਜਗਮੀਤ ਸਿੰਘ ਨੇ PM ਮੋਦੀ ਲਈ ਆਖੀ ਵੱਡੀ ਗੱਲ (ਵੀਡੀਓ)
ਬੁਲਾਰਿਆਂ ਨੇ ਇਸ ਦੌਰਾਨ ਭਾਰਤ ਵਿਰੋਧੀ ਟਿੱਪਣੀਆਂ ਕਰਦੇ ਹੋਏ ਕਿਹਾ ਕਿ 2047 ਤੋਂ ਪਹਿਲਾਂ ਭਾਰਤ ਦੇ ਕਈ ਟੁਕੜੇ ਹੋ ਜਾਣਗੇ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਅਲਵਿਦਾ ਕਹਿ ਚੁੱਕੇ ਕੁਲਵੰਤ ਸਿੰਘ ਮੁਠੱਡਾ ਅਤੇ ਬਲਵਿੰਦਰ ਸਿੰਘ ਢਿੱਲੋਂ ਨੂੰ ਸਿਰੋਪਾ ਦੇ ਕੇ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਮੁਠੱਡਾ ਨੇ ਦੋਸ਼ ਲਾਇਆ ਕਿ ਭਾਰਤੀ ਖੁਫੀਆ ਏਜੰਸੀ ਐੱਨ. ਆਈ. ਏ. ਭਾਰਤ ਵਿਚ ਸਿੱਖ ਪਰਿਵਾਰਾਂ ਨੂੰ ਡਰਾਉਣ ਦਾ ਕੰਮ ਕਰ ਰਹੀ ਹੈ ਅਤੇ ਏਜੰਸੀ ਨੇ ਯੂ.ਕੇ ਦੇ ਨਾਗਰਿਕ ਜੱਗੀ ਜੌਹਲ ਨੂੰ ਜੇਲ ਵਿਚ ਬੰਦ ਕਰ ਰੱਖਿਆ ਹੈ ਪਰ ਇਸ ਦੇੇ ਬਾਵਜੂਦ ਉਹ ਡਰਨਗੇ ਨਹੀਂ ਅਤੇ ਉਨ੍ਹਾਂ ਦੇ ਖੂਨ ਦਾ ਇਕ-ਇਕ ਕਤਰਾ ਖ਼ਾਲਿਸਤਾਨ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਹੈ। ਜ਼ਿਕਰਯੋਗ ਹੈ ਕਿ ਰਿਸ਼ੀ ਸੁਨਕ ਦੇ ਭਾਰਤ ਦੌਰੇ ਤੋਂ ਪਹਿਲਾਂ ਯੂ.ਕੇ ਦੇ ਮੀਡੀਆ ਵਿਚ ਇਹ ਖ਼ਬਰ ਸੀ ਕਿ ਰਿਸ਼ੀ ਸੁਨਕ ਭਾਰਤ ਕੋਲ ਜੱਗੀ ਜੌਹਲ ਦੀ ਰਿਹਾਈ ਦਾ ਮਾਮਲਾ ਉਠਾ ਸਕਦੇ ਹਨ ਪਰ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਹਮਣੇ ਅਜਿਹੀ ਕੋਈ ਮੰਗ ਨਹੀਂ ਰੱਖੀ। ਇਸ ਕਾਰਨ ਵੀ ਯੂ.ਕੇ ਦੇ ਖ਼ਾਲਿਸਤਾਨੀ ਬੌਖਲਾਏ ਹੋਏ ਹਨ ਅਤੇ ਆਪਣੀ ਸਿਆਸੀ ਹੈਸੀਅਤ ਮਜ਼ਬੂਤ ਕਰਨ ਲਈ ਲਾਮਬੰਦ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।