ਕਰਤਾਰਪੁਰ ਸਾਹਿਬ : ‘ਹੱਟ ਖੁੱਲ੍ਹ ਗਈ ਬਾਬੇ ਨਾਨਕ ਦੀ ਸੌਦਾ ਲੈਣਗੇ ਨਸੀਬਾਂ ਵਾਲੇ’

11/15/2020 12:04:29 PM

ਹਰਪ੍ਰੀਤ ਸਿੰਘ ਕਾਹਲੋਂ

ਲਾਹੌਰ ਦਰਬਾਰ ਦੇ ਸਰਕਾਰੀ ਲੇਖੇ ਮੁਤਾਬਕ 'ਉਮਦਤ-ਉਤ-ਤਵਾਰੀਖ਼' ਵਿੱਚ ਜ਼ਿਕਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 2000 ₹ ਅਤੇ 70 ਘੁਮਾਂ ਜ਼ਮੀਨ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਸੇਵਾ ਕਰਵਾਈ ਸੀ, ਜਿਸ ਬਦੌਲਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਇਮਾਰਤ 1827 ਈਸਵੀ ਵਿੱਚ ਮੁਕੰਮਲ ਹੋਈ ਸੀ।

ਡੇਰਾ ਬਾਬਾ ਨਾਨਕ ਦੀ ਸੇਵਾ
ਡੇਰਾ ਬਾਬਾ ਨਾਨਕ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਅਤੇ ਸਰਦਾਰ ਸੁੱਧ ਸਿੰਘ ਹੁਣਾਂ ਨੇ ਕਰਵਾਈ ਸੀ। 1050 ਘਮਾਊਂ ਸਾਥ ਜ਼ਮੀਨ ਵੀ ਦਿੱਤੀ ਗਈ, ਜਿਸ ਵਿੱਚੋਂ 400 ਬੰਜਰ ਅਤੇ ਬਾਕੀ ਫ਼ਸਲ ਹੋਣ ਲਾਇਕ ਹੈ। ਲੱਗਭੱਗ 70 ਘੁਮਾਉਂ ਦੇ ਜ਼ਮੀਨ ਹੋਰ ਪਿੰਡਾਂ ਵਿੱਚ ਗੁਰਦੁਆਰੇ ਦੀ ਹੈ। ਗੁਰਦੁਆਰੇ ਨਾਲ 29 ਦੁਕਾਨਾਂ ਹਨ, ਜੋ ਗੁਰਦੁਆਰਾ ਸਾਹਿਬ ਦੀ ਆਮਦਨ ਹੈ।

ਦਲਬੀਰ ਪੰਨੂੰ ਦੀ ਕਿਤਾਬ ‘ਦੀ ਸਿੱਖ ਹੈਰੀਟੇਜ’ 
550ਵੇਂ ਪ੍ਰਕਾਸ਼ ਪੁਰਬ ਮੌਕੇ ਦਲਬੀਰ ਪੰਨੂੰ ਦੀ ਕਿਤਾਬ ‘ਦੀ ਸਿੱਖ ਹੈਰੀਟੇਜ’ ਆਈ ਹੈ। ਇਸ ਕਿਤਾਬ ਦਾ ਪਾਕਿਸਤਾਨ ਦੇ ਫ਼ੈਸਲਾਬਾਦ ਵਿਖੇ ਲੋਕ ਅਰਪਣ ਕੀਤਾ ਗਿਆ। ਕਿਤਾਬ ਵਿੱਚ ਡੇਰਾ ਬਾਬਾ ਨਾਨਕ ਬਾਰੇ ਇੱਕ ਹਵਾਲਾ ਇਹ ਵੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣਾ ਤੋਂ ਬਾਅਦ 25 ਨਵੰਬਰ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਖੜਕ ਸਿੰਘ ਨੇ ਅਰਦਾਸ ਕਰਵਾਈ ਸੀ। ਇਸ ਤੋਂ ਬਾਅਦ ਖੜਕ ਸਿੰਘ ਅਤੇ ਉਨ੍ਹਾਂ ਦੇ ਪੋਤਰੇ ਨੌਨਿਹਾਲ ਸਿੰਘ ਵੀ ਸ਼ਹੀਦੀਆਂ ਪਾ ਗਏ। ਇਸ ਦੌਰਾਨ ਨੌ ਨਿਹਾਲ ਸਿੰਘ ਦੀ ਘਰਵਾਲੀ ਸਾਹਿਬ ਕੌਰ ਗਰਭਵਤੀ ਸੀ। ਜੱਚੇ ਬੱਚੇ ਦੀ ਸਲਾਮਤੀ ਦੇ ਲਈ ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨੇ ਦਸੰਬਰ 1840 ਈਸਵੀ ਨੂੰ ਗੁਰਦੁਆਰਾ ਡੇਰਾ ਬਾਬਾ ਨਾਨਕ ਦੀ ਸੇਵਾ ਕਰਵਾਈ ਸੀ। ਇਹ ਹਵਾਲਾ ਉਮਦੱਤ-ਉਤ-ਤਵਾਰੀਖ਼ ਵਿੱਚ ਦਰਜ ਹੈ।

ਗੁਰੂ ਨਾਨਕ ਦੇਵ ਜੀ ਦੀ ਪੀੜ੍ਹੀ ਵਿੱਚੋਂ ਸਭ ਤੋਂ ਵੱਧ ਬੇਦੀਆਂ ਦੀ ਮਾਨਤਾ
ਗੁਰਦਾਸਪੁਰ ਦੇ ਜ਼ਿਲ੍ਹਾ ਗਜ਼ਟੀਅਰ 1891-92 ਮੁਤਾਬਕ ਪਹਿਲਾਂ ਡੇਰਾ ਬਾਬਾ ਨਾਨਕ ਅਤੇ ਕਰਤਾਰਪੁਰ ਸਾਹਿਬ ਦਾ ਰਿਸ਼ਤਾ ਬਹੁਤ ਗੂੜ੍ਹਾ ਸੀ, ਜੋ ਇਨ੍ਹਾਂ ਸਾਲਾਂ ਵਿੱਚ ਵੱਖੋ-ਵੱਖਰਾ ਹੋ ਗਿਆ। ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਅਤੇ ਪੱਖੋਕੇ ਟਾਹਲੀ ਸਾਹਿਬ ਦੀ ਸੇਵਾ ਮੁੱਢਲੀ ਤੌਰ ’ਤੇ ਉਦਾਸੀ ਸੰਪਰਦਾਇ ਕੋਲ ਆ ਗਈ ਸੀ। ਚਾਰ ਬਾਗ-ਏ-ਪੰਜਾਬ ਮੁਤਾਬਕ 18-19 ਸਦੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਦੀ ਪੀੜ੍ਹੀ ਵਿੱਚੋਂ ਬੇਦੀਆਂ ਦੀ ਬਹੁਤ ਮਾਨਤਾ ਰਹੀ ਹੈ। 18 ਸਦੀ ਦੇ ਅੰਤ ਤੱਕ ਵੱਖ-ਵੱਖ ਖੇਤਰ ਦੇ 76 ਸ਼ਾਸਕਾਂ ਵੱਲੋਂ ਬੇਦੀਆਂ ਨੂੰ 1,44,290 ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਸਿੱਖ ਰਾਜ ਦੇ ਦੌਰਾਨ ਡੇਰਾ ਬਾਬਾ ਨਾਨਕ ਵਿੱਚ ਬੇਦੀਆਂ ਨੂੰ 2 ਲੱਖ ਦੀ ਜਾਗੀਰ ਦਿੱਤੀ ਗਈ ਸੀ। 

ਡੇਰਾ ਬਾਬਾ ਨਾਨਕ ਵਿੱਚ ਵਿਸਾਖੀ, ਕੱਤਕ ਦੀ ਪੂਰਨਮਾਸ਼ੀ ਅਤੇ ਦੀਵਾਲੀ ਤਿੰਨ ਪ੍ਰਮੁੱਖ ਤਿਉਹਾਰ
ਐੱਚ.ਈ. ਰੋਜ਼ ਦੇ ਡੇਰਾ ਬਾਬਾ ਨਾਨਕ ਬਾਰੇ 1880 ਦੇ ਹਵਾਲੇ ਮੁਤਾਬਕ ਡੇਰਾ ਬਾਬਾ ਨਾਨਕ ਵਿੱਚ ਵਿਸਾਖੀ, ਕੱਤਕ ਦੀ ਪੂਰਨਮਾਸ਼ੀ ਅਤੇ ਦੀਵਾਲੀ ਤਿੰਨ ਪ੍ਰਮੁੱਖ ਤਿਉਹਾਰ ਹੁੰਦੇ ਸਨ। ਇਨ੍ਹਾਂ ਵਿੱਚ ਵੱਡੇ ਇਕੱਠ ਵਿੱਚ ਸੰਗਤਾਂ ਆ ਜੁੜਦੀਆਂ ਸਨ। 1969 ਵਿੱਚ 500ਵੇਂ ਪ੍ਰਕਾਸ਼ ਪੁਰਬ ਵੇਲੇ ਪੰਜਾਬ ਦੇ ਮੁੱਖ ਮੰਤਰੀ ਗੁਰਨਾਮ ਸਿੰਘ ਸਨ ਅਤੇ ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਬਰਨਾਲਾ ਸਨ। ਉਸ ਮੌਕੇ ਬੋਲੀ ਮਹਿਕਮਾ ਪੰਜਾਬ (ਭਾਸ਼ਾ ਵਿਭਾਗ ਪੰਜਾਬ) ਨੇ ਡੇਰਾ ਬਾਬਾ ਨਾਨਕ ਸਰਵੇ ਕਿਤਾਬ ਛਾਪੀ ਸੀ। 1969 ਈਸਵੀ ਦੇ ਕਈ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਕਰਤਾਰਪੁਰ ਲਾਂਘੇ ਲਈ 500 ਸਾਲਾ ਮੌਕੇ ਜਾਂ ਉਸ ਤੋਂ ਪਹਿਲਾਂ ਵੀ ਸਮੇਂ ਸਮੇਂ ਸਿਰ ਗੱਲਾਂ ਹੁੰਦੀਆਂ ਰਹੀਆਂ ਹਨ। 

ਭਵੀਸ਼ਨ ਸਿੰਘ ਗੁਰਾਇਆ 
ਭਵੀਸ਼ਨ ਸਿੰਘ ਗੁਰਾਇਆ ਮੁਤਾਬਕ ਰਾਵੀ ਦਰਿਆ ਨੇ ਆਪਣੇ ਮੁਹਾਣੇ ਕਈ ਵਾਰ ਬਦਲੇ ਹਨ। ਗੁਰੂ ਨਾਨਕ ਦੇਵ ਜੀ ਦਾ ਸਹੁਰਾ ਪਿੰਡ ਪੱਖੋਕੇ ਕੱਕੇਕੇ ਪਿੰਡ ਦੇ ਨੇੜੇ ਸੀ। ਇਨ੍ਹਾਂ ਪਿੰਡਾਂ ਦੇ ਮੋਢੀ ਪੱਖੋਂ ਰੰਧਾਵਾ ਅਤੇ ਕੱਕਾ ਰੰਧਾਵਾ ਮੰਨਿਆ ਜਾਂਦਾ ਹੈ। ਡੇਰਾ ਬਾਬਾ ਨਾਨਕ ਵਾਲੀ ਥਾਂ ਅਜਿੱਤੇ ਰੰਧਾਵੇ ਵਾਲਾ ਖੂਹ ਸੀ, ਜਿੱਥੇ ਗੁਰੂ ਨਾਨਕ ਦੇਵ ਜੀ ਆ ਕੇ ਬਹਿੰਦੇ ਸਨ। ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਉਹ ਪਾਵਨ ਥਾਂ ਹੈ, ਜਿੱਥੇ ਗੁਰੂ ਨਾਨਕ ਦੇਵ ਜੀ ਦੀਆਂ ਪਵਿੱਤਰ ਅਸਥੀਆਂ ਗਾਗਰ ਵਿੱਚ ਰੱਖ ਕੇ ਉੱਪਰ ਸਮਾਧ ਬਣਵਾਈ ਗਈ ਸੀ। ਬਾਬੇ ਨਾਨਕ ਦੇ ਦੇਹਰਾ ਤੋਂ ਹੀ ਡੇਰਾ ਬਾਬਾ ਨਾਨਕ ਨਗਰ ਦਾ ਨਾਮਕਰਨ ਹੋਇਆ ਹੈ। 1635 ਈਸਵੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੋਤਰੇ ਬਾਬਾ ਧਰਮ ਚੰਦ ਦੇ ਸਾਹਿਬਜ਼ਾਦਿਆਂ ਨੇ ਪੱਖੋਕੇ ਜ਼ਿਮੀਂਦਾਰਾਂ ਤੋਂ ਜ਼ਮੀਨ ਲੈ ਕੇ ਡੇਰਾ ਬਾਬਾ ਨਾਨਕ ਨਗਰ ਆਬਾਦ ਕੀਤਾ।

ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ ‘ਡੇਰਾ ਬਾਬਾ ਨਾਨਕ’ 
ਡੇਰਾ ਬਾਬਾ ਨਾਨਕ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚੋਂ ਇੱਕ ਸੀ, ਜਿੱਥੇ ਪੰਜਾਬ ਦੇ ਹਰ ਸ਼ਹਿਰ ਵਿੱਚ ਆਬਾਦੀ ਵਧਦੀ ਜਾ ਰਹੀ ਹੈ। ਇਸ ਨਗਰ ਦੀ ਆਬਾਦੀ 1947 ਤੋਂ ਲੈ ਕੇ ਲਗਾਤਾਰ ਘਟਦੀ ਰਹੀ ਹੈ ਅਤੇ ਬਹੁਤਾ ਵਿਕਾਸ ਨਹੀਂ ਹੋਇਆ। ਡੇਰਾ ਬਾਬਾ ਨਾਨਕ ਦੇ ਹੋਰ ਨਾਮ ਵੀ ਇਤਿਹਾਸ ਵਿੱਚ ਮਸ਼ਹੂਰ ਹਨ, ਇਹਨੂੰ ਪੱਖੋਂ ਕੇ ਕੋਟ ਦਲਪਤ  ਪੱਖੋਕੇ ਟਾਹਲੀ ਸਾਹਿਬ, ਕੋਟ ਫਤਹਿ ਮੁਹੰਮਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇੰਪੀਰੀਅਲ ਗਜ਼ਟੀਅਰ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ। ਇਤਿਹਾਸ ਹਾਮੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਵਸਾਇਆ ਗਿਆ ਕਰਤਾਰਪੁਰ ਰਾਵੀ ਦਾ ਵਹਾਅ ਬਦਲਣ ਕਾਰਨ ਦਰਿਆ ਬੁਰਦ ਹੋ ਗਿਆ ਸੀ। ਕਹਿੰਦੇ ਹਨ ਕਿ ਕਦੇ ਰਾਵੀ ਦਾ ਵਹਾਅ ਠੀਕ ਉਸੇ ਹੀ ਸਥਾਨ ’ਤੇ ਸੀ, ਜਿਥੇ ਅੱਜ ਕੱਲ੍ਹ ਡੇਰਾ ਬਾਬਾ ਨਾਨਕ ਵਿਖੇ ਹੈ। ਇੰਪੀਰੀਅਲ ਗਜ਼ਟੀਅਰ ਵਿੱਚ ਲਿਖਿਆ ਹੋਇਆ ਹੈ ਕਿ 1870 ਵਿਚ ਟਾਹਲੀ ਸਾਹਿਬ ਦਾ ਸਥਾਨ ਇਸ ਦੇ ਪਾਣੀਆਂ ਦੀ ਮਾਰ ਵਿੱਚ ਆ ਗਿਆ ਸੀ ਅਤੇ ਇਹ ਕਿ ਇਸ ਸ਼ਹਿਰ ਨੂੰ ਸਦਾ ਹੀ ਹੜ੍ਹ ਦਾ ਡਰ ਬਣਿਆ ਰਹਿੰਦਾ ਹੈ।

ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਜਦ ਸ੍ਰੀ ਗੁਰੂ ਨਾਨਕ ਦੇਵ ਜੀ 69 ਬਰਸ 10 ਮਹੀਨੇ 10 ਦਿਨ ਦੀ ਉਮਰ ਭੋਗ ਦੇ ਕਰਤਾਰਪੁਰ ਵਿਖੇ ਜੋਤੀ ਜੋਤ ਸਮਾਏ ਤਾਂ :-
ਦੇਹ ਬਾਬੇ ਦੀ ਗਾਇਬ ਹੋ ਗਈ, ਉਹ ਚਾਦਰ ਅੱਧੀ ਅੱਧੀ ਕਰਕੇ ਹਿੰਦੂਆਂ ਨੇ ਸਾੜ ਕੇ ਸਮਾਧ ਬਣਾ ਦਿੱਤੀ ਤੇ ਮੁਸਲਮਾਨਾਂ ਨੇ ਦੱਬ ਕੇ ਕਬਰ ਬਣਾ ਲਈ ਗੁਰੂ ਜੀ ਦਾ ਹੁਕਮ ਦੋਵੇਂ ਬਣਵਾਉਣ ਦਾ ਨਹੀਂ ਸੀ। ਇਸ ਵਾਸਤੇ ਸੰਮਤ 1614 ਬਿ: ਵਿੱਚ ਰਾਵੀ ਦਰਿਆ ਦੋਹਾਂ ਨੂੰ ਰੋੜ ਕੇ ਲੈ ਗਿਆ।  

ਗੁਰੂ ਨਾਨਕ ਦੇਵ ਜੀ ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਚੰਦ ਵੀ ਰਹਿੰਦੇ ਰਹੇ ਹਨ। ਜ਼ਿਕਰ ਹੈ ਕਿ ਬਾਬਾ ਲਖਮੀ ਚੰਦ ਦਾ ਦੂਜਾ ਵਿਆਹ ਸੰਮਤ 1594 ਵਿੱਚ ਕਰਤਾਰਪੁਰ ਵਿਖੇ ਹੀ ਹੋਇਆ। 13 ਵੈਸਾਖ ਸੰਮਤ 1612 ਨੂੰ ਇੱਥੇ ਹੀ ਬਾਬਾ ਲਖਮੀ ਚੰਦ ਦਾ ਸਵਰਗਵਾਸ ਹੋਇਆ।


rajwinder kaur

Content Editor

Related News