ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ : ਬਾਜਵਾ
Wednesday, Jun 29, 2022 - 03:47 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਬ੍ਰਿਟਿਸ਼ ਸਿੱਖ ਸੈਨਿਕਾਂ ਦੇ ਵਫਦ ਨੂੰ ਕਿਹਾ ਹੈ ਕਿ ਇਤਿਹਾਸਕ ਕਰਤਾਰਪੁਰ ਲਾਂਘਾ ਧਾਰਮਿਕ ਆਜ਼ਾਦੀ ਅਤੇ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ "ਅਟੁੱਟ ਵਚਨਬੱਧਤਾ" ਦਾ ਵਿਹਾਰਕ ਪ੍ਰਗਟਾਵਾ ਹੈ। ਬ੍ਰਿਟੇਨ ਦੀ 'ਫੀਲਡ ਆਰਮੀ' ਦੇ ਡਿਪਟੀ ਕਮਾਂਡਰ ਮੇਜਰ ਜਨਰਲ ਸੇਲੀਆ ਜੇ ਹਾਰਵੇ ਦੀ ਅਗਵਾਈ 'ਚ 12 ਮੈਂਬਰੀ ਗਰੁੱਪ ਨੇ ਮੰਗਲਵਾਰ ਨੂੰ ਰਾਵਲਪਿੰਡੀ ਸਥਿਤ ਆਰਮੀ ਹੈੱਡਕੁਆਰਟਰ 'ਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਬਾਜਵਾ ਨੇ ਵਫ਼ਦ ਨੂੰ ਦੱਸਿਆ ਕਿ ਪਾਕਿਸਤਾਨ ਸਾਰੇ ਧਰਮਾਂ ਦਾ ਸਨਮਾਨ ਕਰਦਾ ਹੈ ਅਤੇ ਮੰਨਦਾ ਹੈ ਕਿ ਦੇਸ਼ ਵਿੱਚ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।
ਕਰਤਾਰਪੁਰ ਕੋਰੀਡੋਰ ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿੱਚ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜਦਾ ਹੈ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਦਰਬਾਰ ਸਾਹਿਬ ਵਿਖੇ ਬਿਤਾਇਆ। ਭਾਰਤੀ ਸਿੱਖ ਸ਼ਰਧਾਲੂ ਚਾਰ ਕਿਲੋਮੀਟਰ ਲੰਬੇ ਲਾਂਘੇ ਰਾਹੀਂ ਬਿਨਾਂ ਵੀਜ਼ੇ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਯਾਤਰੀ ਬੱਸ ਅਤੇ ਰਿਕਸ਼ਾ ਦੀ ਟੱਕਰ, 5 ਲੋਕਾਂ ਦੀ ਮੌਤ
ਬ੍ਰਿਟਿਸ਼ ਸਿੱਖ ਸਿਪਾਹੀ ਲਾਹੌਰ ਵੀ ਗਏ, ਜਿੱਥੇ ਉਨ੍ਹਾਂ ਨੇ ਵਾਹਗਾ ਸਰਹੱਦ 'ਤੇ ਝੰਡਾ ਉਤਾਰਨ ਦੀ ਰਸਮ ਨੂੰ ਦੇਖਿਆ। ਉਨ੍ਹਾਂ ਲਾਹੌਰ ਦੇ ਕਿਲ੍ਹੇ, ਅੱਲਾਮਾ ਇਕਬਾਲ ਦੇ ਮਕਬਰੇ ਅਤੇ ਬਾਦਸ਼ਾਹੀ ਮਸਜਿਦ ਦਾ ਵੀ ਦੌਰਾ ਕੀਤਾ। ਵਫ਼ਦ ਨੇ ਦੇਸ਼ ਦੇ ਕਈ ਧਾਰਮਿਕ ਸਥਾਨਾਂ ਅਤੇ ਓਰਕਜ਼ਈ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਸਮਾਣਾ ਕਿਲ੍ਹਾ, ਲੌਕਹਾਰਟ ਕਿਲ੍ਹਾ ਅਤੇ ਸਾਰਾਗੜ੍ਹੀ ਯਾਦਗਾਰ ਦਾ ਵੀ ਦੌਰਾ ਕੀਤਾ। ਇਹ ਯਾਦਗਾਰ ਉਸ ਥਾਂ ਦੀ ਨਿਸ਼ਾਨਦੇਹੀ ਕਰਦੀ ਹੈ ਜਿੱਥੇ 1897 ਵਿੱਚ 21 ਸਿੱਖ ਸੈਨਿਕਾਂ ਨੇ ਸਥਾਨਕ ਕਬਾਇਲੀ ਵਿਦਰੋਹੀਆਂ ਨਾਲ ਲੜਦਿਆਂ ਆਪਣੀਆਂ ਜਾਨਾਂ ਦਿੱਤੀਆਂ ਸਨ। ਸਿੱਖਾਂ ਲਈ ਇਸ ਦੀ ਬਹੁਤ ਇਤਿਹਾਸਕ ਮਹੱਤਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।