ਪਾਕਿ : ਸਖ਼ਤ ਸੁਰੱਖਿਆ ''ਚ ਦਫਨਾਈ ਗਈ ਕਰੀਮਾ ਬਲੋਚ ਦੀ ਲਾਸ਼
Tuesday, Jan 26, 2021 - 10:56 AM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਦੀ ਆਲੋਚਕ, ਬੀਬੀਆਂ ਦੇ ਅਧਿਕਾਰਾਂ ਲਈ ਲੜਨ ਵਾਲੀ ਕਾਰਕੁਨ ਅਤੇ ਬਲੋਚ ਭਾਈਚਾਰੇ ਦੀ 37 ਸਾਲਾ ਨੇਤਾ ਕਰੀਮਾ ਬਲੋਚ ਦੀ ਲਾਸ਼ ਨੂੰ ਬਲੋਚਿਸਤਾਨ ਸੂਬੇ ਵਿਚ ਸਥਿਤ ਉਹਨਾਂ ਦੇ ਪਿੰਡ ਸਖ਼ਤ ਸੁਰੱਖਿਆ ਵਿਚ ਦਫਨਾਇਆ ਗਿਆ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਰਾ ਕਹਿਣ ਵਾਲੀ ਕਰੀਮਾ ਬਲੋਚ ਦੀ 22 ਦਸੰਬਰ ਨੂੰ ਕੈਨੇਡਾ ਦੇ ਟੋਰਾਂਟੇ ਵਿਚ ਸ਼ੱਕੀ ਹਾਲਤਾਂ ਵਿਚ ਮੌਤ ਹੋ ਗਈ ਸੀ।
2016 ਤੋਂ ਕੈਨੇਡਾ ਵਿਚ ਜਲਾਵਤਨ ਜੀਵਨ ਬਤੀਤ ਕਰ ਰਹੀ ਕਰੀਮਾ ਪਾਕਿਸਤਾਨ ਸੁਰੱਖਿਆ ਏਜੰਸੀਆਂ ਦੀ ਸਪੱਸ਼ਟ ਆਲੋਚਕ ਸੀ ਅਤੇ ਉਹਨਾਂ ਨੂੰ ਲੋਕਾਂ ਦੇ ਗਾਇਬ ਹੋਣ ਅਤੇ ਬਲੋਚਿਸਤਾਨ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ ਆਵਾਜ਼ ਚੁੱਕਣ ਲਈ ਜਾਣਿਆ ਜਾਂਦਾ ਸੀ। ਕਰੀਮਾ ਦੀਆਂ ਕੀਚ ਖੇਤਰ ਦੇ ਟੁੰਪ ਪਿੰਡ ਵਿਚ ਐਤਵਾਰ ਨੂੰ ਆਖਰੀ ਰਸਮਾਂ ਦੌਰਾਨ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਮੌਜੂਦ ਸਨ।ਉੱਧਰ ਦੂਜੇ ਪਾਸੇ ਬਲੋਚ ਰਾਸ਼ਟਰਵਾਦੀਆਂ ਵੱਲੋਂ ਵਿਰੋਧ ਦੇ ਖਦਸ਼ੇ ਕਾਰਨ ਸੁਰੱਖਿਆ ਵਿਵਸਥਾ ਵਧਾ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ 231 ਸਾਲਾਂ ਦੇ ਇਤਿਹਾਸ 'ਚ ਪਹਿਲੀ ਬੀਬੀ ਵਿੱਤ ਮੰਤਰੀ ਹੋਵੇਗੀ ਜੇਨੇਟੇ ਯੇਲਨ
ਕਰੀਮਾ ਦੇ ਸਮਰਥਕਾਂ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਕਿ ਪਿੰਡ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਹੋਰ ਖੇਤਰਾਂ ਤੋਂ ਲੋਕ ਕਰੀਮਾ ਦੇ ਆਖਰੀ ਦਰਸ਼ਨ ਕਰਨ ਨਾ ਪਹੁੰਚ ਸਕਣ। ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਖੇਤਰ ਵਿਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਮੋਬਾਇਲ ਸੇਵਾ ਬੰਦ ਕਰ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਟੋਰਾਂਟੋ ਪੁਲਸ ਨੇ ਕਰੀਮਾ ਦੀ ਮੌਤ ਨੂੰ ਸ਼ੱਕੀ ਨਹੀਂ ਦੱਸਿਆ ਹੈ ਭਾਵੇਂਕਿ ਕੁਝ ਸਮਰਥਕਾਂ ਦਾ ਮੰਨਣਾ ਹੈ ਕਿ ਕਰੀਮਾ ਦਾ ਕਤਲ ਕੀਤਾ ਗਿਆ ਹੈ। ਕਰੀਮਾ, ਪਾਕਿਸਤਾਨੀ ਸੁਰੱਖਿਆ ਸੰਸਥਾਵਾਂ ਦੀ ਸਪੱਸ਼ਟ ਆਲੋਚਕ ਸੀ। ਉਹਨਾਂ ਦਾ ਦੋਸ਼ ਸੀ ਕਿ ਪਾਕਿਸਤਾਨ ਸਰਕਾਰ ਬਲੋਚਿਸਤਾਨ ਦੇ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਇੱਥੋਂ ਦੇ ਵਸਨੀਕਾਂ ਨੂੰ ਇਸ ਤੋਂ ਵਾਂਝੇ ਰੱਖਣਾ ਚਾਹੁੰਦੀ ਹੈ। ਕਰੀਮਾ ਨੇ ਬਲੋਚਿਸਤਾਨ ਵਿਚ ਮਨੁੱਖੀ ਅਧਿਕਾਰ ਉਲੰਘਣਾ ਅਤੇ ਲੋਕਾਂ ਦੇ ਗਾਇਬ ਹੋਣ ਦੇ ਵਿਸ਼ੇ 'ਤੇ ਪਾਕਿਸਤਾਨੀ ਸਰਕਾਰ ਦੇ ਖ਼ਿਲਾਫ਼ ਮੁਹਿੰਮ ਚਲਾਈ ਸੀ। ਉਹਨਾਂ ਨੂੰ 2016 ਵਿਚ ਬੀ.ਬੀ.ਸੀ. ਦੀਆਂ 100 ਪ੍ਰੇਰਕ ਬੀਬੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।