ਕਰਮਜੀਤ ਸਿੰਘ ਢਿੱਲੋਂ ਨੂੰ ਐਨ.ਆਰ.ਆਈ ਸਭਾ ਪੰਜਾਬ ਇਕਾਈ ਇਟਲੀ ਦਾ ਪੰਜਵੀਂ ਵਾਰ ਥਾਪਿਆ ਪ੍ਰਧਾਨ
Thursday, Aug 05, 2021 - 05:57 PM (IST)
ਰੋਮ (ਕੈਂਥ): ਪ੍ਰਵਾਸੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਬਣੀ ਦੁਨੀਆ ਭਰ ਦੇ ਭਾਰਤੀ ਪੰਜਾਬੀਆਂ ਦੀ ਇੱਕੋ ਇੱਕ ਸਭਾ ਐਨ.ਆਰ.ਆਈ ਸਭਾ ਪੰਜਾਬ ਜੋ ਕਿ ਪਿਛਲੇ ਢਾਈ ਦਹਾਕਿਆਂ ਤੋਂ ਪ੍ਰਵਾਸੀ ਪੰਜਾਬੀਆਂ ਦੇ ਹਰ ਦੁੱਖ-ਸੁੱਖ ਵਿੱਚ ਚੱਟਾਨ ਵਾਂਗ ਖੜ੍ਹੀ ਹੈ। ਇਸ ਸਮੇਂ ਇਹ ਸਭਾ ਪ੍ਰਧਾਨ ਕਿਰਪਾਲ ਸਿੰਘ ਸਹੋਤਾ ਦੀ ਯੋਗ ਅਗਵਾਈ ਵਿੱਚ ਦੁਨੀਆ ਭਰ ਦੇ ਹਰ ਪ੍ਰਵਾਸੀ ਪੰਜਾਬੀ ਨੂੰ ਆਪਣੇ ਨਾਲ ਜੋੜਨ ਲਾੜੀ ਯਤਨਸ਼ੀਲ ਹੈ ਤਾਂ ਜੋ ਪੰਜਾਬ ਦੀ ਤਰੱਕੀ ਪੱਖੋਂ ਨੁਹਾਰ ਬਦਲੀ ਜਾ ਸਕੇ।
ਇਸ ਸ਼ਲਾਘਾਯੋਗ ਕਾਰਵਾਈ ਵਿੱਚ ਹੀ ਐਨ.ਆਰ.ਆਈ ਪੰਜਾਬ ਦੀਆਂ ਵਿਦੇਸ਼ਾਂ ਵਿੱਚ ਸਥਿਤ ਸਾਖ਼ਾਵਾਂ ਦਾ ਪੁਨਰ ਗਠਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਐਨ.ਆਰ.ਆਈ ਸਭਾ ਇਟਲੀ ਇਕਾਈ ਦੇ ਉੱਘੇ ਸਮਾਜ ਸੇਵਕ ਤੇ ਧਾਰਮਿਕ ਸ਼ਖ਼ਸੀਅਤ ਕਰਮਜੀਤ ਸਿੰਘ ਢਿੱਲੋਂ ਨੂੰ ਪੰਜਵੀਂ ਵਾਰ ਪ੍ਰਧਾਨ ਥਾਪਿਆ ਗਿਆ ਹੈ। ਜਦੋਂ ਕਿ ਪਹਿਲਾਂ ਕਰਮਜੀਤ ਸਿੰਘ ਢਿੱਲੋਂ ਕੇਂਦਰੀ ਕਾਰਜਕਾਰੀ ਕਮੇਟੀ ਐਨ.ਆਰ.ਆਈ ਸਭਾ ਪੰਜਾਬ ਦੇ ਮੈਂਬਰ ਵੀ ਚੁਣੇ ਹੋਏ ਹਨ। ਕਰਮਜੀਤ ਸਿੰਘ ਢਿੱਲੋਂ ਪਹਿਲੀ ਵਾਰ ਸੰਨ 2005 ਵਿੱਚ ਸਭਾ ਦੇ ਪ੍ਰਧਾਨ ਥਾਪੇ ਗਏ ਸਨ ਜਿਹਨਾਂ ਦੇ ਸਭਾ ਨੂੰ ਬੁਲੰਦੀ ਤੇ ਲਿਜਾਣ ਲਈ ਦਿਨ-ਰਾਤ ਮਿਹਨਤ ਕੀਤੀ। ਢਿੱਲੋਂ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਹੀ ਸਹੋਤਾ ਸਾਹਿਬ ਵੱਲੋਂ ਪੰਜਵੀਂ ਵਾਰ ਇਟਲੀ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ - ਏਸ਼ੀਆਈ ਅਮਰੀਕੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਪੰਜ ਭਾਸ਼ਾਵਾਂ 'ਚ 'ਹਿੰਦੀ' ਵੀ ਸ਼ਾਮਲ
ਇਸ ਮਿਲੀ ਜ਼ਿੰਮੇਵਾਰੀ ਨੂੰ ਕਰਮਜੀਤ ਸਿੰਘ ਢਿੱਲੋਂ ਨੇ ਜਿੱਥੇ ਤਨਦੇਹੀ ਨਾਲ ਪਹਿਲਾਂ ਤੋਂ ਵੀ ਬਿਹਤਰ ਨਿਭਾਉਣ ਦੀ ਗੱਲ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਨੂੰ ਕਹੀ, ਉੱਥੇ ਹੀ ਹਾਈ ਕਮਾਂਡ ਚੀਫ ਪੈਟਰਨ ਐਨ.ਆਰ.ਆਈ ਸਭਾ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਪੈਟਰਨ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਪੰਜਾਬ ਸਰਕਾਰ, ਕਿਰਪਾਲ ਸਿੰਘ ਸਹੋਤਾ ਪ੍ਰਧਾਨ ਐਨ.ਆਰ.ਆਈ ਸਭਾ ਪੰਜਾਬ ਤੇ ਸੁਰਿੰਦਰ ਸਿੰਘ ਰਾਣਾ ਚੇਅਰਮੈਨ ਯੂਰਪ ਐਨ.ਆਰ.ਆਈ ਸਭਾ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ।ਭੱਵਿਖ ਦੀਆਂ ਕਾਰਗੁਜ਼ਾਰੀਆਂ ਸਬੰਧੀ ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਜਲਦ ਹੀ ਇਟਲੀ ਭਰ ਵਿੱਚ ਸਭਾ ਦੀਆਂ ਇਕਾਈਆਂ ਦਾ ਪੁਨਰ ਗਠਨ ਕਰਨਗੇ।
ਐਨ.ਆਰ.ਆਈ ਸਭਾ ਪੰਜਾਬ ਇਕਾਈ ਇਟਲੀ ਪ੍ਰਵਾਸੀ ਪੰਜਾਬੀਆਂ ਦੀ ਸਦਾ ਸੇਵਾ ਲਈ ਤੱਤਪਰ ਸੀ, ਹੈ ਤੇ ਰਹੇਗੀ।ਐਨ.ਆਰ.ਆਈ ਸਭਾ ਪੰਜਾਬ ਦੇ ਮੁੱਖ ਦਫਤਰ ਜਲੰਧਰ ਸਥਿਤ ਹੈ ਜੋ ਕਰੋੜਾਂ ਰੁਪੲੈ ਦੀ ਲਾਗਤ ਨਾਲ ਤਿਆਰ ਕੀਤਾ ਗਿਆ। ਇਸ ਦਫਤਰ ਨੂੰ ਤਿਆਰ ਕਰਨ ਲਈ ਇਟਲੀ ਦੇ ਐਨ.ਆਰ.ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਲਈ ਉਹ ਉਚੇਚੇ ਤੌਰ 'ਤੇ ਧੰਨਵਾਦ ਕਰਦੇ ਹਨ ਤੇ ਭੱਵਿਖ ਵਿੱਚ ਆਸ ਕਰਦੇ ਹਨ ਕਿ ਇਟਲੀ ਦੇ ਐਨ.ਆਰ.ਆਈ ਇਸ ਤਰ੍ਹਾਂ ਹੀ ਸਭਾ ਨੂੰ ਸਹਿਯੋਗ ਦਿੰਦੇ ਰਹਿਣਗੇ।