ਪਾਕਿਸਤਾਨ 'ਚ ਰਸੋਈ ਗੈਸ ਲਈ ਮਚੀ ਹਾਹਾਕਾਰ, ਹੁਣ ਸਿਰਫ 8 ਘੰਟੇ ਹੋਵੇਗੀ ਸਪਲਾਈ
Thursday, Dec 15, 2022 - 05:43 PM (IST)
ਕਰਾਚੀ- ਪਾਕਿਸਤਾਨ ਦਾ ਆਰਥਿਕ ਕੇਂਦਰ ਕਰਾਚੀ ਗੰਭੀਰ ਗੈਸ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਮੰਗਲਵਾਰ ਨੂੰ ਅਰਧ-ਸਰਕਾਰੀ ਕੁਦਰਤੀ ਗੈਸ ਪ੍ਰਦਾਨ ਕਰਨ ਵਾਲੀ ਕੰਪਨੀ ਦੇ ਫੈਸਲੇ ਨੇ ਘਰੇਲੂ ਖਪਤਕਾਰਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਸੂਈ ਸਦਰਨ ਗੈਸ ਕੰਪਨੀ (ਐੱਸ.ਐੱਸ.ਜੀ.ਸੀ.) ਨੇ ਐਲਾਨ ਕੀਤਾ ਹੈ ਕਿ ਕਰਾਚੀ 'ਚ ਹੁਣ ਘਰੇਲੂ ਖਪਤਕਾਰਾਂ ਨੂੰ 'ਭੋਜਨ ਦੇ ਸਮੇਂ' ਦੌਰਾਨ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਸਿਰਫ਼ 8 ਘੰਟੇ ਲਈ ਗੈਸ ਸਪਲਾਈ ਕੀਤੀ ਜਾਵੇਗੀ। ਕਰਾਚੀ 'ਚ ਇਹ ਸਥਿਤੀ ਇਸ ਲਈ ਆਈ ਹੈ ਕਿਉਂਕਿ ਇੱਥੇ ਕਈ ਮਹੀਨਿਆਂ ਤੋਂ ਗੈਰ-ਘੋਸ਼ਿਤ ਗੈਸ ਲੋਡ ਸ਼ੈਡਿੰਗ ਦੀ ਸਮੱਸਿਆ ਚੱਲ ਰਹੀ ਹੈ। ਫਿਲਹਾਲ ਕੰਪਨੀ ਦੇ ਇਸ ਕਦਮ ਨਾਲ ਘਰੇਲੂ ਖਪਤਕਾਰਾਂ 'ਚ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।
ਯੂਟਿਲਿਟੀ ਨੇ ਇੱਕ ਟਵੀਟ 'ਚ ਕਿਹਾ- ਪ੍ਰਧਾਨ ਮੰਤਰੀ ਦੇ ਨਿਰਦੇਸ਼ ਅਨੁਸਾਰ, ਐੱਸ.ਐੱਸ.ਜੀ.ਸੀ. ਆਪਣੇ ਗਾਹਕਾਂ ਨੂੰ ਖਾਣੇ ਦੇ ਸਮੇਂ ਦੌਰਾਨ ਗੈਸ ਦੀ ਸਪਲਾਈ ਯਕੀਨੀ ਬਣਾਉਣ ਜਾ ਰਹੀ ਹੈ। ਹਾਲਾਂਕਿ ਯੂਟੀਲਿਟੀ ਕੰਪਨੀ ਨੇ ਦਿਨ ਦੇ ਬਾਕੀ ਬਚੇ 16 ਘੰਟਿਆਂ ਦਾ ਜ਼ਿਕਰ ਨਹੀਂ ਕੀਤਾ ਹੈ। ਦੱਸ ਦੇਈਏ ਕਿ ਪਾਕਿਸਤਾਨ ਦਾ ਗੈਸ ਭੰਡਾਰ ਤੇਜ਼ੀ ਨਾਲ ਘਟ ਰਿਹਾ ਹੈ। ਕਿਉਂਕਿ ਵਧਦੀ ਆਬਾਦੀ ਦੇ ਨਾਲ ਈਂਧਨ ਦੀ ਮੰਗ ਵਧੀ ਹੈ। ਜਦੋਂ ਕਿ ਪਿਛਲੇ 20 ਸਾਲਾਂ ਤੋਂ ਗੈਸ ਦੇ ਨਵੇਂ ਭੰਡਾਰਾਂ ਦੀ ਖੋਜ ਨਾ ਹੋਣ ਕਾਰਨ ਸਪਲਾਈ ਘਟਦੀ ਜਾ ਰਹੀ ਹੈ। ਦੇਸ਼ ਵਰਤਮਾਨ 'ਚ 44:56 ਦੇ ਰੇਸ਼ੋ 'ਚ ਆਯਾਤ ਅਤੇ ਸਵਦੇਸ਼ੀ ਸਰੋਤਾਂ ਰਾਹੀਂ ਆਪਣੀਆਂ ਊਰਜਾ ਮੰਗਾਂ ਨੂੰ ਪੂਰਾ ਕਰਦਾ ਹੈ।
ਵਿਦੇਸ਼ੀ ਗੈਸ ਸਪਲਾਇਰਾਂ ਨਾਲ ਵਿਵਾਦ ਅਤੇ ਯੂਕ੍ਰੇਨ 'ਤੇ ਰੂਸੀ ਹਮਲੇ ਨੇ ਵੀ ਪਾਕਿਸਤਾਨ 'ਚ ਗੈਸ ਸੰਕਟ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਇਸ ਤੋਂ ਇਲਾਵਾ ਪਾਕਿਸਤਾਨ 'ਚ ਸਿਆਸੀ ਅਸਥਿਰਤਾ, ਗਲਤ ਨੀਤੀਆਂ, ਸੁਰੱਖਿਆ ਸਮੱਸਿਆਵਾਂ ਅਤੇ ਕਮਜ਼ੋਰ ਕਰਾਰਾਂ ਨੇ ਵੀ ਵਿਦੇਸ਼ੀ ਫਰਮਾਂ ਨੂੰ ਉੱਥੇ ਤੇਲ ਅਤੇ ਗੈਸ ਸਪਲਾਈ ਖੇਤਰ 'ਚ ਨਿਵੇਸ਼ ਕਰਨ ਤੋਂ ਰੋਕਿਆ ਹੈ।
ਬਿਜਲੀ ਕਟੋਤੀ ਅਤੇ ਗੈਸ ਸਪਲਾਈ ਬਣੀ ਗਈ ਵੱਡੀ ਸਮੱਸਿਆ
ਫਿਲਹਾਲ ਗੈਸ ਸਪਲਾਈ ਦਾ ਸਮਾਂ ਤੈਅ ਹੋ ਜਾਣ ਦੇ ਕਾਰਨ ਕਰਕੇ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਕਰਾਚੀ ਵਾਸੀਆਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਸ਼ਹਿਰ ਦੇ ਲੋਕ ਲੰਬੇ ਸਮੇਂ ਤੋਂ ਬਿਜਲੀ ਦੀ ਕਟੌਤੀ ਅਤੇ ਬ੍ਰੇਕਡਾਊਨ ਦਾ ਸਾਹਮਣਾ ਕਰ ਰਹੇ ਹਨ। ਖਬਰਾਂ ਅਨੁਸਾਰ ਸ਼ਹਿਰ ਦੇ ਲਗਭਗ ਹਰ ਖੇਤਰ ਨੂੰ ਪਿਛਲੇ ਹਫ਼ਤਿਆਂ ਤੋਂ ਪੀਕ ਆਵਰਜ਼ ਦੌਰਾਨ ਬਹੁਤ ਘੱਟ ਪ੍ਰੈਸ਼ਰ ਜਾਂ ਗੈਸ ਸਪਲਾਈ ਨਾ ਹੋਣ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਗੈਸ ਡਿਸਟ੍ਰੀਬਿਊਟਰ ਕੰਪਨੀ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀ ਹੈ।
ਸਿੰਧ ਸੂਬੇ 'ਚ ਵੀ ਗੈਸ ਦਾ ਸੰਕਟ
ਕੁਝ ਖੇਤਰਾਂ 'ਚ ਖਪਤਕਾਰਾਂ ਨੇ ਦਿਨ 'ਚ ਮੁਸ਼ਕਿਲ ਨਾਲ ਦੋ ਘੰਟੇ ਗੈਸ ਸਪਲਾਈ ਮਿਲਣ ਦੀ ਸ਼ਿਕਾਇਤ ਕੀਤੀ ਹੈ। ਕਈ ਇਲਾਕਿਆਂ 'ਚ ਗੈਸ ਪ੍ਰੈਸ਼ਰ ਘੱਟ ਹੋਣ ਦੀਆਂ ਸ਼ਿਕਾਇਤਾਂ ਵੀ ਆਈਆਂ ਹਨ, ਜਿਸ ਕਾਰਨ ਖਪਤਕਾਰ ਖਾਣਾ ਵੀ ਨਹੀਂ ਬਣਾ ਪਾ ਰਹੇ ਹਨ। ਕਈ ਇਲਾਕਿਆਂ 'ਚ ਲੋਕ ਐੱਲ.ਪੀ.ਜੀ. ਗੈਸ ਸਿਲੰਡਰ 'ਤੇ ਨਿਰਭਰ ਰਹਿਣ ਲੱਗ ਪਏ ਹਨ, ਜਿਸ ਕਾਰਨ ਉਨ੍ਹਾਂ ਦੀ ਜੇਬ ਢਿੱਲੀ ਹੋ ਰਹੀ ਹੈ। ਸਿੰਧ ਦੇ ਊਰਜਾ ਮੰਤਰੀ ਇਮਤਿਆਜ਼ ਸ਼ੇਖ ਨੇ ਮੰਨਿਆ ਕਿ ਸਿੰਧ ਸੂਬੇ 'ਚ ਸੰਕਟ ਤੇਜ਼ੀ ਨਾਲ ਡੂੰਘਾ ਹੋਇਆ ਹੈ। ਇਹ ਹੈਰਾਨੀਜਨਕ ਹੈ, ਕਿਉਂਕਿ ਸਿੰਧ ਦੇਸ਼ 'ਚ ਸਭ ਤੋਂ ਵੱਧ ਗੈਸ ਦਾ ਉਤਪਾਦਨ ਕਰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।