ਉਪ ਰਾਸ਼ਟਰਪਤੀ ਹੈਰਿਸ ਆਰਜ਼ੀ ਤੌਰ ''ਤੇ ਬਲੇਅਰ ਹਾਊਸ ''ਚ ਰਹਿਣਗੇ

Saturday, Jan 23, 2021 - 09:41 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇਕ ਸਹਾਇਕ ਅਨੁਸਾਰ ਨੇਵਲ ਆਬਜ਼ਰਵੇਟਰੀ ਵਿਖੇ ਉਪ ਰਾਸ਼ਟਰਪਤੀ ਦੇ ਅਧਿਕਾਰਿਤ ਰਿਹਾਇਸ਼ੀ ਘਰ ਜਾਣ ਤੋਂ ਪਹਿਲਾਂ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਡੱਗ ਐਮਹੋਫ ਵ੍ਹਾਈਟ ਹਾਊਸ ਦੇ ਨੇੜੇ ਅਸਥਾਈ ਤੌਰ 'ਤੇ ਬਲੇਅਰ ਹਾਊਸ ਵਿਚ ਰਹਿਣਗੇ। 

ਜਾਣਕਾਰੀ ਅਨੁਸਾਰ ਉਪ ਰਾਸ਼ਟਰਪਤੀ ਦੀ ਅਧਿਕਾਰਿਤ ਸਰਕਾਰੀ ਰਿਹਾਇਸ਼ ਵਿਚ ਚਿਮਨੀਆਂ ਅਤੇ ਹੋਰ ਘਰੇਲੂ ਪ੍ਰਬੰਧਨ ਦੀ ਮੁਰੰਮਤ ਦਾ ਕੰਮ ਚੱਲਦੇ ਹੋਣ ਕਾਰਨ ਹੈਰਿਸ ਨੂੰ ਬਲੇਅਰ ਹਾਊਸ ਵਿਚ ਜਾਣਾ ਪੈ ਰਿਹਾ ਹੈ। ਹਾਲਾਂਕਿ ਕਮਲਾ ਹੈਰਿਸ ਅਤੇ ਉਨ੍ਹਾਂ ਦੇ ਪਤੀ ਵਾਸ਼ਿੰਗਟਨ, ਡੀ.ਸੀ. ਵਿਚ ਇਕ ਘਰ ਦੇ ਮਾਲਕ ਹਨ ਪਰ ਉਹ ਘਰ ਇਕ ਉਪ ਰਾਸ਼ਟਰਪਤੀ ਲਈ ਸੁਰੱਖਿਆ ਦੇ ਪ੍ਰੋਟੋਕੋਲ ਨੂੰ ਪੂਰਾ ਨਹੀਂ ਕਰਦਾ । 

ਬਲੇਅਰ ਹਾਊਸ ਵ੍ਹਾਈਟ ਹਾਊਸ ਦੀ ਗਲੀ ਦੇ ਪਾਰ ਪੈਨਸਿਲਵੇਨੀਆ ਐਵੀਨਿਊ 'ਤੇ ਸਥਿਤ ਹੈ। 1824 ਵਿਚ ਬਣਿਆ ਇਹ ਘਰ ਰਾਸ਼ਟਰਪਤੀ ਦੇ ਸਰਕਾਰੀ ਮਹਿਮਾਨਾਂ ਦੀ ਮੇਜ਼ਬਾਨੀ ਲਈ ਵਰਤਿਆ ਜਾਂਦਾ ਹੈ, ਜਿਸ ਵਿਚ ਵਿਦੇਸ਼ੀ ਸੂਬਿਆਂ ਦੇ ਪ੍ਰਧਾਨ ਵੀ ਸ਼ਾਮਲ ਹਨ।  ਰਾਸ਼ਟਰਪਤੀ ਚੁਣੇ ਗਏ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪਿਛਲੇ 40 ਸਾਲਾਂ ਤੋਂ ਬਲੇਅਰ ਹਾਊਸ ਵਿਖੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਦੀ ਰਾਤ ਬਤੀਤ ਕੀਤੀ ਹੈ। ਹਾਲ ਹੀ ਵਿਚ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਕੁੱਝ ਪਰਿਵਾਰਿਕ ਮੈਂਬਰ ਵੀ ਉਨ੍ਹਾਂ ਦੀ ਤਾਜਪੋਸ਼ੀ ਤੋਂ ਇਕ ਰਾਤ ਪਹਿਲਾਂ ਬਲੇਅਰ ਹਾਊਸ ਵਿਚ ਰਹੇ ਹਨ। ਕਮਲਾ ਹੈਰਿਸ ਅਤੇ ਐਮਹੋਫ ਦੇ ਆਪਣੇ ਨਵੇਂ ਅਸਥਾਈ ਘਰ ਵਿਚ ਕਿੰਨਾ ਸਮਾਂ ਰਹਿਣਗੇ, ਇਸ ਬਾਰੇ ਕੁੱਝ ਸਪੱਸ਼ਟ ਨਹੀਂ ਕੀਤਾ ਹੈ।
 


Sanjeev

Content Editor

Related News