ਯੂਕੇ : ਲੈਸਟਰਸ਼ਾਇਰ ਕੌਂਟੀ ਕੌਂਸਲ ‘ਚ ਕਮਲ ਸਿੰਘ ਘਟੋਰੇ ਦੀ ਸ਼ਾਨਦਾਰ ਜਿੱਤ

05/08/2021 10:32:23 AM

ਲੰਡਨ (ਰਾਜਵੀਰ ਸਮਰਾ): ਬੀਤੇ ਕੱਲ੍ਹ ਬਰਤਾਨੀਆ ਦੀਆਂ ਹੋਈਆਂ ਕੌਂਟੀ ਕੌਂਸਲ ਚੋਣਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ, ਜਿਹਨਾਂ ਦੇ ਮੁਤਾਬਕ ਟੌਰੀ ਪਾਰਟੀ ਭਾਰੀ ਬਹੁਮਤ ਨਾਲ ਮੁਲਕ ਦੀਆਂ ਬਹੁਤੀਆਂ ਕੌਂਟੀ ਕੌਂਸਲਾਂ ‘ਤੇ ਕਾਬਜ਼ ਹੋ ਗਈ ਹੈ। ਜਿੱਥੋਂ ਤੱਕ ਲੈਸਟਰਸ਼ਾਇਰ ਕੌਂਟੀ ਕੌਂਸਲ ਦੇ ਰੁਝਾਨਾਂ ਦੀ ਗੱਲ ਹੈ, ਉਸ ਬਾਰੇ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਇਸ ਕੌਂਸਲ 'ਤੇ ਪਹਿਲਾਂ ਹੀ ਪਿਛਲੇ ਕਈ ਸਾਲਾਂ ਤੋਂ ਟੌਰੀ ਪਾਰਟੀ ਦਾ ਕਬਜ਼ਾ ਸੀ ਪਰ ਇਸ ਵਾਰ ਪਾਰਟੀ ਵੱਲੋਂ ਪਿਛਲੀ ਵਾਰ ਨਾਲ਼ੋਂ 7 ਸੀਟਾਂ ਹੋਰ ਸੀਟਾਂ ਦਾ ਵਾਧਾ ਦਰਜ ਕਰ ਦਿੱਤਾ ਗਿਆ ਹੈ । 

ਹਰ ਚਾਰ ਸਾਲ ਬਾਅਦ ਟਾਊਨ ਹਾਲ ਲਈ ਕੁੱਲ 55 ਸੀਟਾਂ ਦੀ ਹੁੰਦੀ ਇਸ ਚੋਣ ਵਿੱਚ ਪਿਛਲੀ ਵਾਰ ਟੌਰੀ ਪਾਰਟੀ ਕੋਲ 35 ਸੀਟਾਂ ਨਾਲ ਭਾਰੀ ਬਹੁਮੱਤ ਸੀ ਜੋ ਇਸ ਵਾਰ ਸੱਤ ਹੋਰ ਸੀਟਾਂ ਦੇ ਵਾਧੇ ਨਾਲ 42 ਹੋ ਗਿਆ ਹੈ। ਖ਼ਾਸ ਗੱਲ ਇਹ ਰਹੀ ਕਿ ਕਮਲ ਸਿੰਘ ਘਟੋਰੇ ਜੋ ਕਿ ਓਡਬੀ ਵਿਗਸਟਨ ਬਰੋ ਕੌਂਸਲ ਦੇ ਪਹਿਲਾਂ ਹੀ ਡਿਪਟੀ ਲੀਡਰ ਹਨ, ਵੀ ਇਸ ਚੋਣ ਵਿੱਚ ਜੇਤੂ ਰਹੇ ਹਨ। ਇਹਨਾਂ ਚੋਣਾਂ ਵਿਚ ਲੇਬਰ ਪਾਰਟੀ ਦਾ ਗ੍ਰਾਫ ਬਹੁਤ ਹੇਠਾਂ ਡਿਗਿਆ ਹੈ। ਲੇਬਰ ਪਾਰਟੀ ਨੂੰ ਇਹਨਾਂ ਚੋਣਾਂ ਵਿੱਚ ਸਿਰਫ ਚਾਰ ਸੀਟਾਂ ਜਦ ਕਿ ਲਿਬਰਲ ਡੈਮੋਕਰੇਟਿਕ ਪਾਰਟੀ ਨੂੰ 9 ਸੀਟਾਂ ‘ਤੇ ਸਬਰ ਕਰਨਾ ਪਿਆ ਹੈ। 

ਪੜ੍ਹੋ ਇਹ ਅਹਿਮ ਖਬਰ-  ਦੁਨੀਆ ਦਾ ਸਭ ਤੋਂ ਵੱਡਾ ਕਾਰਗੋ ਜਹਾਜ਼ ਬ੍ਰਿਟੇਨ ਤੋਂ ਭਾਰਤ ਲਈ ਮਦਦ ਸਮੇਤ ਹੋਇਆ ਰਵਾਨਾ

ਕੌਂਸਲਰ ਕਮਲ ਸਿੰਘ ਘਟੋਰੇ ਨੇ ਇਹ ਚੋਣ ਪਹਿਲੀ ਵਾਰ ਜਿੱਤੀ ਹੈ। ਉਹਨਾਂ ਦੀ ਇਸ ਜਿੱਤ ਨਾਲ ਇੱਥੋਂ ਦੇ ਪੰਜਾਬੀ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਉਹਨਾਂ ਦੀ ਜਿੱਤ ਨਾਲ ਓਡਬੀ ਵਿਗਸਟਨ ਬਰੋ ਕੌਂਸਲ ਵੱਲੋਂ ਲੈਸਟਰਸ਼ਾਇਰ ਕੌਂਟੀ ਕੌਂਸਲ ਵਿਚ ਪੰਜਾਬੀ ਭਾਈਚਾਰੇ ਦੀ ਪਹਿਲੀ ਵਾਰ ਐਂਟਰੀ ਹੋਈ ਹੈ ਜੋ ਕਿ ਇਕ ਵੱਡੀ ਪ੍ਰਾਪਤੀ ਤੇ ਬਹੁਤ ਹੀ ਮਾਣ ਵਾਲੀ ਗੱਲ ਹੈ। ਕੌਂਸਲਰ ਕਮਲ ਸਿੰਘ ਦੀ ਜਿੱਤ ਨਾਲ ਪੂਰੇ ਪੰਜਾਬੀ ਭਾਈਚਾਰੇ ਦੇ ਮਾਣ ਵਿਚ ਚੋਖਾ ਵਾਧਾ ਹੋਇਆ ਹੈ । 


Vandana

Content Editor

Related News