ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ ''ਤੇ ਹੋਈ ਵੋਟਿੰਗ ''ਚ ਨਹੀਂ ਹੋਏ ਸ਼ਾਮਲ
Tuesday, Feb 23, 2021 - 05:53 PM (IST)
ਟੋਰਾਂਟੋ (ਭਾਸ਼ਾ): ਕੈਨੇਡਾ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' ਵਿਚ ਚੀਨ ਨੂੰ ਪੱਛਮੀ ਸ਼ਿਨਜਿਆਂਗ ਸੂਬੇ ਵਿਚ 10 ਲੱਖ ਤੋਂ ਵੱਧ ਉਇਗਰ ਮੁਸਲਿਮਾਂ ਦੇ ਕਤਲੇਆਮ ਦਾ ਦੋਸ਼ੀ ਸਾਬਤ ਕਰਨ ਲਈ ਵੋਟਿੰਗ ਹੋਈ। ਇਸ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਇਸ ਵੋਟਿੰਗ ਵਿਚ ਸ਼ਾਮਲ ਨਹੀਂ ਹੋਏ। ਹੇਠਲੇ ਸਦਨ ਵਿਚ ਪੇਸ਼ ਇਸ ਪ੍ਰਸਤਾਵ ਦੇ ਸਮਰਥਨ ਵਿਚ ਸੋਮਵਾਰ ਨੂੰ 266 ਵੋਟਾਂ ਪਈਆਂ ਅਤੇ ਇਕ ਵੀ ਵੋਟ ਇਸ ਦੇ ਖ਼ਿਲਾਫ਼ ਨਹੀਂ ਪਿਆ ਪਰ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ।
ਇਸ ਪ੍ਰਸਤਾਵ ਵਿਚ ਅੰਤਰਰਾਸ਼ਟਰੀ ਓਲਪਿੰਕ ਕਮੇਟੀ ਨੂੰ 2022 ਦੇ ਸਰਦੀ ਓਲੰਪਿਕ ਦੇ ਆਯੋਜਨ ਨੂੰ ਬੀਜਿੰਗ ਤੋਂ ਹਟਾਉਣ ਦੀ ਅਪੀਲ ਕੀਤੀ ਗਈ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੈਨੇਡਾ ਦੇ ਵਿਦੇਸ਼ ਮੰਤਰੀ ਇਸ ਮੁੱਦੇ 'ਤੇ ਸਰਕਾਰ ਦਾ ਪੱਖ ਸਪਸ਼ੱਟ ਕਰਨਗੇ। ਉਹਨਾਂ ਨੇ ਕਿਹਾ ਕਿ ਸੰਸਦ ਵਿਚ ਕੁਝ ਘੋਸ਼ਿਤ ਕਰਨ ਨਾਲ ਚੀਨ ਵਿਚ ਲੋੜੀਂਦੇ ਨਤੀਜੇ ਨਹੀਂ ਨਿਕਲਣਗੇ ਅਤੇ ਇਸ ਲਈ ਅੰਤਰਰਾਸ਼ਟਰੀ ਸਹਿਯੋਗੀਆਂ ਅਤੇ ਹਿੱਸੇਦਾਰਾਂ ਦੇ ਨਾਲ ਕੰਮ ਕਰਨ ਦੀ ਲੋੜ ਹੈ। ਮੁੱਖ ਵਿਰੋਧੀ ਦਲਾਂ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਵੱਲੋਂ ਆਸਟ੍ਰੇਲੀਆ ਦੀਆਂ ਖ਼ਬਰਾਂ 'ਤੇ ਪਾਬੰਦੀ ਖ਼ਤਮ ਕਰਨ ਦੀ ਤਿਆਰੀ
ਇੱਥੇ ਦੱਸ ਦਈਏ ਕਿ ਹੇਠਲੇ ਸਦਨ ਵਿਚ ਵਿਰੋਧੀ ਦਲਾਂ ਦੀਆਂ ਸੀਟਾਂ ਵੱਧ ਹਨ। ਟਰੂਡੋ ਦੀ ਕੈਬਨਿਟ ਵਿਚ ਉਹਨਾਂ ਨੂੰ ਮਿਲਾ ਕੇ 37 ਲਿਬਰਲ ਸਾਂਸਦ ਹਨ। ਹੇਠਲੇ ਸਦਨ ਵਿਚ ਟਰੂਡੋ ਦੀ ਲਿਬਰਲ ਪਾਰਟੀ ਦੇ 154 ਸਾਂਸਦ ਹਨ। ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਏਰਿਨ ਓ ਟੂਲੇ ਨੇ ਕਿਹਾ ਹੈ ਕਿ ਚੀਨੀ ਸ਼ਾਸਨ ਨੂੰ ਸੰਦੇਸ਼ ਭੇਜਣਾ ਜ਼ਰੂਰੀ ਹੈ। ਇਹ ਵੋਟਿੰਗ ਉਇਗਰ ਮੁਸਲਿਮਾਂ ਅਤੇ ਹੋਰ ਘੱਟ ਗਿਣਤੀਆਂ 'ਤੇ ਅੱਤਿਆਚਾਰ ਲਈ ਚੀਨ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਹਾਲ ਦੀ ਕੋਸ਼ਿਸ਼ ਹੈ। ਭਾਵੇਂਕਿ ਚੀਨ ਇਹਨਾਂ ਦੋਸ਼ਾਂ ਦਾ ਖੰਡਨ ਕਰਦਾ ਰਿਹਾ ਹੈ। ਉਸ ਨੇ ਜ਼ੋਰ ਦਿੱਤਾ ਹੈ ਕਿ ਅੱਤਵਾਦ ਖ਼ਿਲਾਫ਼ ਲੜਾਈ ਅਤੇ ਵੱਖਵਾਦੀ ਅੰਦੋਲਨ ਖ਼ਿਲਾਫ਼ ਇਹ ਕਦਮ ਚੁੱਕੇ ਗਏ ਹਨ।
ਨੋਟ- ਟਰੂਡੋ ਅਤੇ ਉਹਨਾਂ ਦੇ ਕੈਬਨਿਟ ਮੈਂਬਰ ਚੀਨ 'ਤੇ ਹੋਈ ਵੋਟਿੰਗ 'ਚ ਨਹੀਂ ਹੋਏ ਸ਼ਾਮਲ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।