ਹੈਂ! ਜੰਕ ਫੂਡ ਖਾਣ ਨਾਲ ਅੰਨ੍ਹਾ-ਬੋਲਾ ਹੋ ਗਿਆ ਅੱਲ੍ਹੜ
Tuesday, Sep 03, 2019 - 08:07 PM (IST)

ਲੰਡਨ— ਜੇਕਰ ਤੁਹਾਡੇ ਬੱਚੇ ਵੀ ਜੰਕ ਫੂਡ ਦੇ ਸ਼ੌਕੀਨ ਹਨ ਤਾਂ ਤੁਹਾਨੂੰ ਵਾਕੇਈ ਫਿਕਰ ਕਰਨ ਦੀ ਲੋੜ ਹੈ ਕਿਉਂਕਿ ਬ੍ਰਿਟੇਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਜੰਕ ਫੂਡ ਕਾਰਨ ਇਕ ਅੱਲ੍ਹੜ ਅੰਨ੍ਹਾ-ਬੋਲਾ ਹੋ ਗਿਆ। ਜਾਣਕਾਰੀ ਮੁਤਾਬਕ ਅੱਲ੍ਹੜ ਸਿਰਫ ਚਿਪਸ, ਕ੍ਰਿਸਪਸ ਤੇ ਸਾਸੇਜਸ 'ਤੇ ਬੀਤੇ 10 ਸਾਲਾ ਤੋਂ ਨਿਰਭਰ ਸੀ। ਇਸ ਮਾਮਲੇ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਆਪਣੀ ਤਰ੍ਹਾਂ ਦਾ ਦੇਸ਼ ਦਾ ਪਹਿਲਾ ਮਾਮਲਾ ਹੈ।
ਬ੍ਰਿਸਟਲ ਲਾਈਵ ਦੀ ਰਿਪੋਰਟ ਅਨੁਸਾਰ, 17 ਸਾਲਾ ਅੱਲ੍ਹੜ, ਜਿਸ ਦੇ ਨਾਮ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ, ਬੀਤੇ 10 ਸਾਲਾਂ ਤੋਂ ਸਿਰਫ ਚਿਪਸ, ਪ੍ਰਿੰਗਲਜ਼, ਸਾਸੇਜਸ, ਪ੍ਰੋਸੈਸਡ ਹੈਮ ਤੇ ਵਾਈਟ ਬ੍ਰੈੱਡ ਹੀ ਖਾ ਰਿਹਾ ਸੀ, ਜਿਸ ਕਾਰਨ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਗਿਆ। ਅੱਲ੍ਹੜ ਦੀ ਮਾਂ ਦੇ ਅਨੁਸਾਰ ਉਸ ਦਾ ਲੜਕਾ 7 ਸਾਲ ਦੀ ਉਮਰ ਤੋਂ ਅਜਿਹਾ ਖਾਣਾ ਖਾ ਰਿਹਾ ਹੈ। ਉਸ ਨੇ ਡਾਕਟਰਾਂ ਨੂੰ ਦੱਸਿਆ ਕਿ ਉਸ ਨੂੰ ਫਲਾਂ ਅਤੇ ਸਬਜ਼ੀਆਂ ਦਾ ਸਵਾਦ ਪਸੰਦ ਨਹੀਂ ਸੀ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਸ ਬਾਰੇ ਬਰਿਸਟਲ ਐੱਨ.ਐੱਚ.ਐੱਸ. ਫਾਊਂਡੇਸ਼ਨ ਦੇ ਡਾ. ਡੇਨੀਜ਼ ਅਟਾਨ ਵਲੋਂ ਐਨਲਸ ਆਫ ਇੰਟਰਨਲ ਮੈਡੀਸਿਨ ਜਰਨਲ 'ਚ ਲਿਖਿਆ ਗਿਆ।
ਲੜਕੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਸੁਣਨ ਸ਼ਕਤੀ 14 ਸਾਲ ਦੀ ਉਮਰ 'ਚ ਘਟਣੀ ਸ਼ੁਰੂ ਹੋ ਗਈ ਸੀ। ਇਸ ਤੋਂ ਕੁਝ ਸਮੇਂ ਦੇ ਅੰਦਰ ਦੀ ਉਸ ਦੀ ਨਜ਼ਰ ਵੀ ਘਟਣੀ ਸ਼ੁਰੂ ਹੋ ਗਈ। ਹੁਣ ਉਸ ਦੇ ਬੇਟੇ ਕੋਲ ਨਾ ਕੋਈ ਨੌਕਰੀ ਹੈ ਤੇ ਨਾ ਹੀ ਕੋਈ ਸੋਸ਼ਲ ਲਾਈਫ। ਔਰਤ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਪ੍ਰਾਇਮਰੀ ਸਕੂਲ 'ਚ ਸੀ ਤਾਂ ਉਹ ਬਿਨਾਂ ਹੱਥ ਲਾਏ ਆਪਣਾ ਲੰਚ ਵਾਪਸ ਘਰ ਲੈ ਆਉਂਦਾ ਸੀ। ਔਰਤ ਨੇ ਕਿਹਾ ਕਿ ਮੈਂ ਉਸ ਨੂੰ ਵਧੀਆ ਸੈਂਡਵਿਚ ਬਣਾ ਕੇ ਦਿੰਦੀ ਤੇ ਲੰਚ 'ਚ ਸੇਬ ਤੇ ਹੋਰ ਫਲ ਦਿੰਦੀ ਪਰ ਉਹ ਉਨ੍ਹਾਂ ਨੂੰ ਹੱਥ ਵੀ ਨਹੀਂ ਸੀ ਲਾਉਂਦਾ। ਉਸ ਦੇ ਅਧਿਆਪਕ ਹਮੇਸ਼ਾ ਉਸ ਬਾਰੇ ਚਿੰਤਤ ਰਹਿੰਦੇ ਸਨ। ਉੁਸ ਦੇ ਭਰਾ ਤੇ ਭੈਣ ਨੇ ਕਦੇ ਖਾਣਾ ਬੰਦ ਨਹੀਂ ਕੀਤਾ। ਉਹ ਹਰ ਚੀਜ਼ ਖਾਂਦੇ ਸਨ ਪਰ ਉਹ ਬਹੁਤ ਪਤਲਾ ਸੀ।
ਸਪੱਸ਼ਟ ਤੌਰ 'ਤੇ ਅੱਲੜ੍ਹ ਏ.ਆਰ.ਐੱਫ.ਆਈ.ਡੀ. (ਭੋਜਨ ਦੇ ਸੇਵਨ ਸਬੰਧੀ ਵਿਕਾਰ) ਦਾ ਸ਼ਿਕਾਰ ਹੋਇਆ ਸੀ। ਇਸ ਨਾਲ ਪੀੜ੍ਹਤ ਲੋਕ ਅਕਸਰ ਫਲ ਤੇ ਸਬਜ਼ੀਆਂ ਤੋਂ ਪਰਹੇਜ਼ ਕਰਦੇ ਹਨ। ਅੱਲ੍ਹੜ ਦੀ ਪੋਸ਼ਣ ਦੀ ਘਾਟ ਨੇ ਉਸ ਦੀ ਆਪਟਿਕ ਨਰਵ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਲੜਕੇ ਦੀ ਮਾਂ ਨੇ ਕਿਹਾ, “ਅਸੀਂ ਇਸ 'ਤੇ ਯਕੀਨ ਨਹੀਂ ਕਰ ਸਕਦੇ ਜਦੋਂ ਸਾਨੂੰ ਦੱਸਿਆ ਗਿਆ ਕਿ ਕੀ ਲੜਕੇ ਨੂੰ ਕੀ ਹੋਇਆ ਸੀ। ਉਸ ਦੀ ਨਜ਼ਰ ਬਹੁਤ ਤੇਜ਼ੀ ਨਾਲ ਚਲੀ ਗਈ।'' ਕਿਸ਼ੋਰ ਦੀ ਦੇਖਭਾਲ ਕਰ ਰਹੇ ਡਾਕਟਰ ਅਟਾਨ ਨੇ ਕਿਹਾ ਕਿ ਮਰੀਜ਼ ਅਜੇ ਵੀ ਜ਼ਿਆਦਾਤਰ ਪਹਿਲਾਂ ਵਰਗਾ ਭੋਜਨ ਖਾ ਰਿਹਾ ਹੈ। ਹਾਲਾਂਕਿ ਵਿਟਾਮਿਨ ਸਪਲੀਮੈਂਟਸ ਨਾਲ ਉਸ ਦੇ ਪੋਸ਼ਣ 'ਚ ਸੁਧਾਰ ਹੋਇਆ ਹੈ। ਪੀੜਤ ਪਰਿਵਾਰ ਹੋਰਾਂ ਲੋਕਾਂ ਨੂੰ ਇਸ ਖਤਰਨਾਕ ਸਥਿਤੀ ਬਾਰੇ ਜਾਣੂ ਕਰਵਾਉਣਾ ਚਾਹੁੰਦਾ ਸੀ, ਇਸ ਲਈ ਉਨ੍ਹਾਂ ਨੇ ਆਪਣੀ ਕਹਾਣੀ ਨੂੰ ਦੁਨੀਆ ਸਾਹਮਣੇ ਲਿਆਂਦਾ।