ਚੀਨ ’ਚ ਕੋਰੋਨਾ ਦੀ ਖਬਰ ਦਿਖਾਉਣ ਵਾਲੀ ਪੱਤਰਕਾਰ ਨੂੰ ਮੁੜ 4 ਸਾਲ ਦੀ ਕੈਦ
Sunday, Sep 21, 2025 - 10:10 PM (IST)

ਬੀਜਿੰਗ (ਇੰਟ.)–ਚੀਨੀ ਪੱਤਰਕਾਰ ਝਾਂਗ ਝਾਨ ਨੂੰ ਵੁਹਾਨ ਵਿਚ ਕੋਵਿਡ-19 ਦੇ ਸ਼ੁਰੂਆਤੀ ਕਹਿਰ ਬਾਰੇ ਰਿਪੋਰਟਿੰਗ ਕਰਨ ਲਈ ਮੁੜ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਪ੍ਰੈੱਸ ਦੀ ਆਜ਼ਾਦੀ ਲਈ ਕੰਮ ਕਰਨ ਵਾਲੀ ਸੰਸਥਾ ‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਵੱਲੋਂ ਦਿੱਤੀ ਗਈ ਸੀ। 42 ਸਾਲਾ ਝਾਂਗ ਝਾਨ ਨੂੰ ‘ਹਿੰਸਾ ਭੜਕਾਉਣ’ ਦਾ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 2020 ’ਚ ਵੀ ਇਸੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ ’ਤੇ ਵੁਹਾਨ ਵਿਚ ਕੋਰੋਨਾਵਾਇਰਸ ਦੇ ਕਹਿਰ ਬਾਰੇ ਖ਼ਬਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਸਨ।
‘ਰਿਪੋਰਟਰਜ਼ ਵਿਦਾਊਟ ਬਾਰਡਰਜ਼’ ਦੀ ਅਧਿਕਾਰੀ ਅਲੈਕਸੈਂਡਰਾ ਬਿਆਲਾਕੋਵਸਕਾ ਨੇ ਕਿਹਾ ਕਿ ਝਾਂਗ ਝਾਨ ਦੁਨੀਆ ਭਰ ਵਿਚ ਸਤਿਕਾਰ ਦੀ ਹੱਕਦਾਰ ਹੈ, ਨਾ ਕਿ ਜੇਲ ਦੇ ਮੁਸ਼ਕਲ ਹਾਲਾਤਾਂ ਦੀ। ਉਸ ਦੀ ਪੀੜਾ ਖਤਮ ਹੋਣੀ ਚਾਹੀਦੀ ਹੈ। ਦੁਨੀਆ ਨੂੰ ਚੀਨ ’ਤੇ ਉਸ ਨੂੰ ਤੁਰੰਤ ਰਿਹਾਅ ਕਰਨ ਲਈ ਦਬਾਅ ਪਾਉਣਾ ਚਾਹੀਦਾ ਹੈ।