''ਸਾਊਦੀ ਪ੍ਰਿੰਸ ਸਲਮਾਨ ਨੇ ਪੱਤਰਕਾਰ ਖਸ਼ੋਗੀ ਦੇ ਕਤਲ ਦੀ ਲਈ ਜ਼ਿੰਮੇਵਾਰੀ''

09/26/2019 6:01:18 PM

ਰਿਆਦ (ਏਜੰਸੀ)- ਇਕ ਡਾਕਿਊਮੈਂਟਰੀ ਦਾ ਦਾਅਵਾ ਹੈ ਕਿ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਉਨ੍ਹਾਂ ਦੀ ਨਿਗਰਾਨੀ ਹੇਠ ਅੰਜਾਮ ਦਿੱਤਾ ਗਿਆ ਸੀ। ਇਸ ਡਾਕਿਊਮੈਂਟਰੀ ਦਾ ਪ੍ਰਸਾਰਣ ਇਕ ਅਕਤੂਬਰ ਨੂੰ ਕੀਤਾ ਜਾਵੇਗਾ। ਖਸ਼ੋਗੀ ਨੂੰ ਪਿਛਲੇ ਸਾਲ ਦੋ ਅਕਤੂਬਰ ਨੂੰ ਸਾਊਦੀ ਏਜੰਟਾਂ ਨੇ ਕਤਲ ਕਰ ਦਿੱਤਾ ਸੀ। ਇਸ ਕਤਲਕਾਂਡ ਨੂੰ ਤੁਰਕੀ ਦੇ ਇਸਤਾਨਬੁਲ ਸ਼ਹਿਰ ਸਥਿਤ ਸਾਊਦੀ ਸਫਾਰਤਖਾਨੇ ਵਿਚ ਅੰਜਾਮ ਦਿੱਤਾ ਗਿਆ ਸੀ। ਇਸ 'ਤੇ ਕ੍ਰਾਊਨ ਪ੍ਰਿੰਸ ਨੇ ਜਨਤਕ ਤੌਰ 'ਤੇ ਕਦੇ ਕੋਈ ਬਿਆਨ ਨਹੀਂ ਦਿੱਤਾ।

ਦਿ ਕ੍ਰਾਊਨ ਪ੍ਰਿੰਸ ਆਫ ਸਾਊਦੀ ਅਰਬ ਨਾਮਕ ਡਾਕਿਊਮੈਂਟਰੀ ਮੁਤਾਬਕ ਮੁਹੰਮਦ ਬਿਨ ਸਲਮਾਨ ਨੇ ਅਮਰੀਕੀ ਪ੍ਰਸਾਰਕ ਪਬਲਿਕ ਬ੍ਰਾਡਕਾਸਟਿੰਗ ਸਰਵਿਸ (ਪੀ.ਬੀ.ਐਸ.) ਦੇ ਮਾਰਟਿਨ ਸਮਿਥ ਨੂੰ ਕਿਹਾ ਕਿ ਮੈਂ ਸਾਰੀ ਜ਼ਿੰਮੇਵਾਰੀ ਲੈਂਦਾ ਹਾਂ ਕਿਉਂਕਿ ਇਹ ਮੇਰੀ ਨਿਗਰਾਨੀ ਹੇਠ ਹੋਇਆ ਸੀ। ਸਮਿਥ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਤੁਹਾਡੀ ਜਾਣਕਾਰੀ ਤੋਂ ਬਿਨਾਂ ਕਤਲ ਨੂੰ ਕਿਵੇਂ ਅੰਜਾਮ ਦਿੱਤਾ ਗਿਆ ? ਉਦੋਂ ਉਨ੍ਹਾਂ ਨੇ ਕਿਹਾ ਕਿ ਸਾਡੇ ਮੁਲਕ ਦੀ ਆਬਾਦੀ ਦੋ ਕਰੋੜ ਹੈ ਅਤੇ ਤਕਰੀਬਨ 30 ਲੱਖ ਸਰਕਾਰੀ ਮੁਲਾਜ਼ਮ ਹਨ। ਖਸ਼ੋਗੀ ਦੀ ਹੱਤਿਆ ਵਿਚ ਸਰਕਾਰੀ ਜਹਾਜ਼ ਦੇ ਇਸਤੇਮਾਲ ਦੇ ਸਵਾਲ 'ਤੇ ਸਾਊਦੀ ਪ੍ਰਿੰਸ ਨੇ ਕਿਹਾ ਕਿ ਚੀਜਾਂ ਦਾ ਪਾਲਨ ਕਰਨ ਲਈ ਮੇਰੇ ਕੋਲ ਅਧਿਕਾਰੀ ਅਤੇ ਮੰਤਰੀ ਹਨ ਅਤੇ ਉਹ ਜ਼ਿੰਮੇਵਾਰ ਹਨ। ਉਨ੍ਹਾਂ ਕੋਲ ਇਹ ਕਰਨ ਦਾ ਅਧਿਕਾਰ ਹੈ। ਸਮਿੱਥ ਨੇ ਦੱਸਿਆ ਕਿ ਇਹ ਗੱਲਬਾਤ ਕੈਮਰੇ ਦੇ ਸਾਹਮਣੇ ਨਹੀਂ ਹੋਈ ਸੀ।

ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਕਈ ਪੱਛਮੀ ਦੇਸ਼ਾਂ ਨੇ ਇਹ ਦਾਅਵਾ ਕੀਤਾ ਸੀ ਕਿ ਖਸ਼ੋਗੀ ਦੀ ਹੱਤਿਆ ਦਾ ਹੁਕਮ ਕ੍ਰਾਊਨ ਪ੍ਰਿੰਸ ਨੇ ਦਿੱਤਾ ਸੀ, ਜਦੋਂ ਕਿ ਸਾਊਦੀ ਅਰਬ ਨੇ ਕਿਹਾ ਸੀ ਕਿ ਇਸ ਵਿਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਸੀ। ਖਸ਼ੋਗੀ ਅਮਰੀਕਾ ਵਿਚ ਰਹਿੰਦੇ ਸਨ ਅਤੇ ਵਾਸ਼ਿੰਗਟਨ ਪੋਸਟ ਲਈ ਕਾਲਮ ਲਿਖਦੇ ਸਨ। ਉਹ ਕ੍ਰਾਊਨ ਪ੍ਰਿੰਸ ਦੇ ਆਲੋਚਕ ਸਨ। ਸਾਊਦੀ ਸਰਕਾਰ ਨੇ ਪਹਿਲਾਂ ਉਨ੍ਹਾਂ ਦੇ ਕਤਲ ਹੋਣ ਦੀ ਗੱਲ ਨਹੀਂ ਮੰਨੀ, ਪਰ ਪੂਰੀ ਦੁਨੀਆ ਵਿਚ ਅਲੋਚਨਾ ਤੋਂ ਬਾਅਦ ਕਬੂਲ ਕੀਤਾ ਕਿ ਸਫਾਰਤਖਾਨੇ ਵਿਚ ਉਨ੍ਹਾਂ ਨੂੰ ਕਤਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਸਾਊਦੀ ਦੇ 11 ਸ਼ੱਕੀਆਂ 'ਤੇ ਦੋਸ਼ ਲਗਾਏ ਹਨ।


Sunny Mehra

Content Editor

Related News